Atarjit-Udasi and Paash vs Rajinder Rahi

ਉਦਾਸੀ ਤੇ ਪਾਸ਼:ਬਨਾਮ ਰਾਜਿੰਦਰ ‘ਰਾਹੀ’

-ਅਤਰਜੀਤ

ਕਿਸੇ ਵੀ ਵਿਅਕਤੀ ਨੂੰ ਇਹ ਮੁਕੰਮਲ ਅਧਿਕਾਰ ਹੈ ਕਿ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਸੂਝਵਾਨ ਵਿਅਕਤੀ ਹੋਣ ਦਾ ਭਰਮ ਪਾਲ ਕੇ ਜਿੰਨਾ ਮਰਜ਼ੀ ਆਫਰਿਆ ਫਿਰੇ। ਉਸਨੂੰ ਇਹ ਵੀ ਅਧਿਕਾਰ ਹੈ ਕਿ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਿਦਵਾਨ ਮੰਨੀ ਜਾਏ, ਪਰ ਉਸਨੂੰ ਹਰਗਿਜ਼ ਵੀ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਆਪਣੀ ‘ਵਿਦਵਤਾ’ ਤੇ ‘ਬੌਧਿਕਤਾ’ ਦੀਆਂ ਕੂਹਣੀਆਂ ਅਤੇ ਗੋਡੇ ਮਾਰ ਕੇ ਦੂਜਿਆਂ ਦੀਆਂ ਵੱਖੀਆਂ ਛਿੱਲਦਾ ਫਿਰੇ। ਸੰਤ ਰਾਮ ਉਦਾਸੀ (ਜੀਵਨ ਤੇ ਸਮੁੱਚੀ ਰਚਨਾ) ਦੀ ਸੰਪਾਦਨਾ ਕਰਕੇ ਇਸ ਦਾ ਸੰਪਾਦਕ ਰਾਜਿੰਦਰ ਰਾਹੀ ਕੁਝ ਜਿ਼ਆਦਾ ਹੀ ਚਾਮਲ੍ਹ ਗਿਆ। ਜਦੋਂ ਉਸਨੇ ਸੰਤ ਰਾਮ ਉਦਾਸੀ ਵਾਲੀ ਕਿਤਾਬ ਦੀ ਸੰਪਾਦਕੀ ਅਤੇ ਪੁਸਤਕ ਬਾਰੇ ਕੁਝ ਗੱਲਾਂ ਵਿਚ ਊਲ-ਜਲੂਲ ਲਿਖਿਆ ਸੀ, ਉਦੋਂ ਉਸ ਬਾਰੇ ਬਹੁਤੇ ਦਾਨਸ਼ਵਰਾਂ ਨੇ ‘ਉਹ ਜਾਣੇ’ ਕਹਿ ਕੇ ਚੁੱਪ ਵੱਟ ਲਈ ਸੀ। ਉਦਾਸੀ ਦੀ ਪੁਸਤਕ ਵੇਲੇ ਵੱਟੀ ਚੁੱਪ ਦਾ ਇਸ ਨੇ ਨਾਜਾਇਜ਼ ਲਾਭ ਲਿਆ ਹੈ।
ਸੰਤ ਰਾਮ ‘ਉਦਾਸੀ’ ਅਤੇ ਪਾਸ਼ ਸਾਡੇ ਸਾਰਿਆਂ ਲਈ ਮਹਾਨ ਸਨ ਅਤੇ ਹਨ। ਦੋਹਾਂ ਦੀਆਂ ਰਚਨਾਵਾਂ ਅੱਜ ਵੀ ਉਨੀਆਂ ਹੀ ਮਕਬੂਲ ਹਨ, ਜਿੰਨੀਆਂ ਉਨ੍ਹਾਂ ਦੇ ਜਿਊਂਦੇ ਜੀਅ ਸਨ, ਬਲਕਿ ਉਦੂੰ ਵੀ ਵਧ ਕੇ ਹਨ। ਸੰਤ ਰਾਮ ਉਦਾਸੀ ਨਕਸਲੀ ਲਹਿਰ ਦੇ ਚੜ੍ਹਾਅ ਨਾਲ ਜਿਵੇਂ ਇਕਦਮ ਕਾਵਿ ਬੁਲੰਦੀ ‘ਤੇ ਅੱਪੜਿਆ, ਉਹ ਉਸਦੇ ਸਰੋਦੀ ਇਨਕਲਾਬੀ ਗੀਤਾਂ ਦੀ ਲੋਕ ਮਾਨਸਿਕਤਾ ਤੱਕ ਪਹੁੰਚਣ ਕਾਰਨ ਹੋਈ ਮਕਬੂਲੀਅਤ ਸਦਕਾ ਸੀ। ਉਦਾਸੀ ਇਕੋ ਸਮੇਂ ਕਿਰਤੀ ਵਰਗ ਦੇ ਮਨਾਂ ਵਿਚ ਉਤਨਾ ਹੀ ਉੱਤਰਿਆ ਜਿੰਨਾ ਬੁੱਧੀਜੀਵੀਆਂ ਦੇ। ਨਕਸਲੀ ਲਹਿਰ ਦੇ ਉਤਰਾਅ ਦੇ ਨਾਲ ਉਦਾਸੀ ਦਾ ਝੁਕਾਅ ਕੁਝ ਜਾਂ ਬਹੁਤਾ ਗੁਰਦੁਆਰਿਆਂ ਦੀਆਂ ਸਟੇਜਾਂ ਵਲ ਹੋ ਗਿਆ, ਕਿਉਂਕਿ ਲਹਿਰ ਦੇ ਦੌਰਾਨ ਉਸ ਦੀਆਂ ਸਿੱਖ-ਇਤਿਹਾਸਕ ਵਿਰਸੇ ਦੇ ਇਨਕਲਾਬੀ ਤੱਤ ਵਾਲੀਆਂ ਰਚਨਾਵਾਂ ਸਿੱਖ ਹਲਕਿਆਂ ਨੂੰ ਵੀ ਹਜ਼ਮ ਹੋ ਜਾਂਦੀਆਂ ਸਨ। ਉਦਾਸੀ ਲਾਲ ਕਿਲ੍ਹੇ ਤੋਂ ਵੀ ਗਾ ਆਇਆ। ਜਗਦੇਵ ਸਿੰਘ ਜੱਸੋਵਾਲ ਵਲੋਂ ਜਦੋਂ ਉਸਨੂੰ ਸਿੱਕਿਆਂ ਨਾਲ ਤੋਲਿਆ ਗਿਆ ਤਾਂ ਇਨਕਲਾਬੀ ਹਲਕਿਆਂ ਵਿਚ ਰਾਜਿੰਦਰ ਰਾਹੀ ਦੇ ਸ਼ਬਦਾਂ ਵਿਚ ‘ਥੋੜ੍ਹੀ ਬਹੁਤ ਘੁਰ-ਘੁਰ ਅਤੇ ਦੁਰ-ਦੁਰ’ ਵੀ ਹੋ ਗਈ ਹੋਵੇਗੀ, ਪਤਾ ਨਹੀਂ। ਮੈਂ ਕਹਿ ਸਕਦਾ ਹਾਂ ਕਿ ਕਿਧਰੇ ਵੀ ਉਦਾਸੀ ਦੇ ਵਿਰੁਧ ਕੋਈ ਲਹਿਰ ਨਹੀਂ ਸੀ।
ਰਾਜਿੰਦਰ ਰਾਹੀ ਆਪਣੀ ਲਿਖਤ ਰਾਹੀਂ ਉਦਾਸੀ ਦੀ ਪ੍ਰਸ਼ੰਸਾ ਘੱਟ ਕਰਦਾ ਹੈ, ਬਦਖੋਈ ਬਹੁਤੀ ਕਰਦਾ ਹੈ। ਉਹ ਏਡਾ ਸ਼ੈਤਾਨ ਹੈ ਤੇ ਸ਼ਾਤਿਰ ਦਿਮਾਗ ਹੈ ਕਿ ਉਦਾਸੀ ਦੀ ਬਦਖੋਈ ਵਾਲੀਆਂ ਗੱਲਾਂ ਇਨਕਲਾਬੀਆਂ ਦੇ ਮੂੰਹੋਂ ਕੱਢਵਾ ਕੇ ਆਪ ਬਰੀ ਹੋਣ ਦੀ ਚਲਾਕੀ ਕਰਦਾ ਹੈ। ਪਾਸ਼ ਅਤੇ ਉਦਾਸੀ ਨੂੰ ਇਕ ਦੂਜੇ ਦੇ ਸਮਾਨੰਤਰ ਖੜ੍ਹਾਉਂਦਿਆਂ, ਜਾਤੀ-ਪਾਤੀ ਮੁੱਦੇ ਉਛਾਲਣ ਦਾ ਯਤਨ ਕਰਦਾ ਹੈ। ਕੌਣ ਨਹੀਂ ਜਾਣਦਾ ਕਿ ਦੋ ਸ਼ਖਸੀਅਤਾਂ ਕਦੇ ਸਮਾਨੰਤਰ ਰੇਖਾਵਾਂ ਵਾਂਗ ਨਾਲ ਨਾਲ ਨਹੀਂ ਚਲਦੀਆਂ। ਆਰਥਿਕ, ਸਮਾਜਿਕ, ਸੱਭਿਆਚਾਰਕ ਪਿਛੋਕੜ, ਸ਼ਖਸੀਅਤਾਂ ਦੇ ਵਿਕਾਸ ਉੱਪਰ ਅਸਰ ਅੰਦਾਜ਼ ਹੋਵੇਗਾ ਹੀ। ਪਰ ਇਸ ਗੱਲ ਨੂੰ ਕਿਸੇ ਸੜੇਵੇਂ ਜਾਂ ਲੁੱਚਪੁਣੇ ਤਹਿਤ ਹਵਾ ਦੇਣੀ ਕਿੱਥੋਂ ਦੀ ਮਾਰਕਸੀ-ਲੈਨਿਨੀ ਸੋਚ ਹੈ? ਲੇਖਕ ਦੀ ਇਸ ਗੱਲ ਵਿਚ ਸਿਆਣਪ ਅਤੇ ਦਿਆਨਤਦਾਰੀ ਗਿਣੀ ਜਾਂਦੀ, ਜੇ ਉਹ ਸਾਡੇ ਮਰਹੂਮ ਇਨਕਲਾਬੀ ਕਵੀ ਦੇ ਮਰਨ ਉਪਰੰਤ ਉਸਦੇ ਪੋਤੜੇ ਫਰੋਲ ਕੇ ਉਸਦੀ ਨਿੱਜੀ ਜਿ਼ੰਦਗੀ, ਖਾਸ ਕਰਕੇ ਨਕਸਲੀ ਲਹਿਰ ਦੇ ਉਤਰਾਅ ਸਮੇਂ ਦੀ ਜਿ਼ੰਦਗੀ ਦੀ ਗੱਲ ਨੂੰ ਦਰਕਿਨਾਰ ਕਰਕੇ ਉਸਦੀ ਸਮੁੱਚੀ ਰਚਨਾ ਉੱਪਰ ਨਿੱਗਰ ਚਰਚਾ ਛੇੜਦਾ। ਇਹਦੀ ਬਜਾਏ ਉਹ ਸੰਤ ਰਾਮ ਉਦਾਸੀ ਦੀ ਵਡਿਆਈ ਦਾ ਪਰਪੰਚ ਰਚ ਕੇ, ਇਨਕਲਾਬੀ ਖੇਮੇ ਨੂੰ ਦੋਸ਼ ਦਿੰਦਾ ਹੋਇਆ, ਪਾਸ਼ ਦੇ ਕੱਦ ਨੂੰ ਛਾਂਗਣ ਦਾ ਯਤਨ ਕਰਦਾ ਹੈ। ਉਹ ਲਿਖਦਾ ਹੈ-
‘‘ਸਿਰਫ ਉਸਦੀ (ਸੰਤ ਰਾਮ ਉਦਾਸੀ) ਜੰਮਣ ਭੋਇੰ ਰਾਏਸਰ ਜਾਂ ਪੰਜਾਬ ਦੇ ਹੋਰ ਕਸਬਿਆਂ ਵਿਚ ਉਸਦੇ ਪ੍ਰਸ਼ੰਸਕਾਂ ਵਲੋਂ ਇੱਕਾ-ਦੁੱਕਾ ਮੇਲਿਆਂ ਜਾਂ ਸ਼ਰਧਾਂਜਲੀ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਵਕਤ ਦਾ ਤਕਾਜ਼ਾ ਹੈ ਕਿ ਉਦਾਸੀ ਤੋਂ ਦੋ ਸਾਲ ਬਾਅਦ 23 ਮਾਰਚ 1988 ਨੂੰ ਸ਼ਹੀਦ ਹੋਇਆ, ਉਸਦਾ ਸਮਕਾਲੀ ਕਵੀ ਪਾਸ਼ ਜਿਥੇ ਅਕਾਦਮਿਕ ਪੱਧਰ ‘ਤੇ ਮਕਬੂਲ ਹੋਇਆ, ਉਥੇ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਇਨਕਲਾਬੀ ਸੋਚ ਨਾਲ ਸਬੰਧਤ ਉਸਦੇ ਮੱਧ ਵਰਗੀ ਪ੍ਰਸ਼ੰਸਕਾਂ ਨੇ ਉਸਨੂੰ ਸ਼ਹੀਦ ਭਗਤ ਸਿੰਘ ਵਰਗਾ ਹੀਰੋ ਬਣਾ ਦਿੱਤਾ। ਪਾਸ਼ ਦੀ ਕਵਿਤਾ ਤੁਰਤ-ਫੁਰਤ ਅੰਗਰੇਜ਼ੀ, ਹਿੰਦੀ ਅਤੇ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋ ਗਈ ਹੈ।’’
ਇਸ ਤੋਂ ਵੀ ਅੱਗੇ ਬੇਹੂਦਗੀ ਦੀ ਹੱਦ ਟੱਪਦਿਆਂ ਉਹ ਲਿਖਦਾ ਹੈ ‘‘ਇਹ ਸਥਿਤੀ ਦੋ ਸੁਆਲ ਖੜ੍ਹੇ ਕਰਦੀ ਹੈ ਕਿ ਉਦਾਸੀ ਦੀ ਸੁਭਾਵਿਕ ਮੌਤ ਦੇ ਮੁਕਾਬਲੇ ਕੀ ਪਾਸ਼ ਦੀ ਮਕਬੂਲੀਅਤ ਸਾਡੇ ਸ਼ਹੀਦਪ੍ਰਸਤ (ਬੁੱਤ ਪੂਜ) ਸੰਸਕਾਰਾਂ ਦਾ ਸਿੱਟਾ ਹੈ ਜਾਂ ਵਕਤ ਨੇ ਉਦਾਸੀ ਦੀ ਕਾਵਿ ਪ੍ਰਸੰਗਿਕਤਾ ‘ਤੇ ਹੀ ਕੋਈ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ?’’
ਨਹੀਂ ਰੀਸਾਂ! ਖ਼ਾਲਿਸਤਾਨੀ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਣਾ ਇਸ ਬੰਦੇ ਲਈ ਕੋਈ ਅਰਥ ਹੀ ਨਹੀਂ ਰੱਖਦਾ। ਸਾਡੇ ਲਈ ਤਾਂ ਡਾ. ਵਿਸ਼ਵਾ ਨਾਥ ਤਿਵਾੜੀ ਤੋਂ ਲੈ ਕੇ ਡਾ. ਰਵਿੰਦਰ ਰਵੀ, ਸੁਮੀਤ, ਜੈਮਲ ਪੱਡਾ, ਬਲਦੇਵ ਸਿੰਘ ਮਾਨ (ਸਾਰੇ ਹੀ ਲੋਕ) ਜੋ ਉਸ ਫਿਰਕੂ ਜਨੂੰਨ ਦੀਆਂ ਗੋਲੀਆਂ ਨੇ ਸਾਡੇ ਕੋਲੋਂ ਖੋਹ ਲਏ, ਮਹਾਨ ਹਨ। ਭਗਤ ਸਿੰਘ ਵਰਗੇ ਹੀਰੋ ਨਹੀਂ ਤਾਂ ਉਸਦੇ ਵਾਰਸ ਜ਼ਰੂਰ ਹਨ-ਹੀਰੋ ਹਨ ਜਿ਼ੰਦਗੀ ਦੇ ਹੀਰੋ।
ਉਹ ਕਿੰਨਾ ਚੰਗਾ ਲੱਗਦਾ ਹੈ ਜਦੋਂ ਲਿਖਦਾ ਹੈ- “ਦੋਵੇਂ ਨਕਸਲੀ ਲਹਿਰ ਦੀ ਚੜ੍ਹਤ ਨਾਲ ਆਪਣੇ ਵਕਤ ਤੋਂ ਪਹਿਲਾਂ ਹੀ ਧਰੂ ਤਾਰੇ ਵਾਂਗ ਚਮਕੇ। ਦੋਵਾਂ ਨੂੰ ਬੇਹੱਦ ਮਕਬੂਲੀਅਤ ਮਿਲੀ। ਦੋਵਾਂ ਨੂੰ ਹੀ ਰਾਜ ਮਸ਼ੀਨਰੀ ਦੀ ਕਰੋਪੀ ਦਾ ਸਾਹਮਣਾ ਕਰਨਾ ਪਿਆ।’’ ਕਿੰਨਾ ਚੰਗਾ ਹੁੰਦਾ ਜੇਕਰ ਸਾਡਾ ਇਹ ‘ਵਿਦਵਾਨ’ ਇਨ੍ਹਾਂ ਸਤਰਾਂ ਦੀ ਵਿਆਖਿਆ ਕਰਦਾ, ਪਰ ਕਿਉਂਕਿ ਉਸਦੇ ਜਿ਼ਹਨ ਵਿਚ ਪਾਸ਼ ਬਾਰੇ ਜ਼ਹਿਰ ਭਰੀ ਹੋਈ ਹੈ। ਇਸ ਜ਼ਹਿਰ ਦੇ ਅਸਰ ਅਧੀਨ ਉਹ ਲਿਖਦਾ ਹੈ : ‘‘ਅੱਜ ਦੋਵਾਂ ਨੂੰ ਵੱਡਾ ਛੋਟਾ ਕਵੀ ਸਾਬਤ ਕਰਨ ਵਾਲਿਆਂ ਦੀ ਗਿਣਤੀ ਬਰਾਬਰ ਹੀ ਹੋਵੇਗੀ। ਇਸ ਤੋਂ ਇਲਾਵਾ ਉਦਾਸੀ ਅਤੇ ਪਾਸ਼ ਦਰਮਿਆਨ ਗੰਭੀਰ ਵਖਰੇਵੇਂ ਵੀ ਮੌਜੂਦ ਸਨ।’’ ਜੇ ਰਾਹੀ ਸ਼ਬਦ ਰਾਜਸੀ ਵਖਰੇਵੇਂ ਲਿਖਦਾ ਤਾਂ ਵੀ ਕੋਈ ਗੱਲ ਬਣਦੀ। ਉਸਦੇ ਇਸ ਵਾਕ ਵਿਚੋਂ ਦੋਹਾਂ ਵਿਚਕਾਰ ਨਿੱਜੀ ਦੁਸ਼ਮਣੀ ਦੀ ਬੋ ਆਉਂਦੀ ਹੈ। ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਰਾਜਿੰਦਰ ਰਾਹੀ ਇਨ੍ਹਾਂ ਦੋਹਾਂ ਵਿਚੋਂ ਕਿਸੇ ਇਕ ਦੀ ਵਕਾਲਤ ਕਰਦਾ ਹੋਇਆ, ਦੋਹਾਂ ਕਵੀਆਂ ਨੂੰ ਵੱਡੇ ਛੋਟੇ ਨਹੀਂ ਕਹਿੰਦਾ। ਉਹ ਆਪਣੀ ਮ.ਲ. ਵਾਲੀ ਸੋਚ ਨੂੰ ਅੱਡੀ ਹੇਠ ਨੱਪ ਕੇ, ਬਾਬੂ ਕਾਂਸ਼ੀ ਰਾਮ ਅਤੇ ਬੀਬੀ ਮਾਇਆਵਤੀ ਵਾਲੀ ਬੋਲੀ ਬੋਲਦਾ ਹੈ।
‘‘ਉਦਾਸੀ ਜਿਥੇ ਹਰਮਨ-ਪਿਆਰਾ ਕਵੀ ਤੇ ਗਾਇਕ ਸੀ, ਉਥੇ ਉਹ ਬੇਹੱਦ ਗਰੀਬ ਤੇ ਸੱਭਿਆਚਾਰਕ ਪੱਖੋਂ ਨੀਵੇਂ ਪੱਧਰ ਵਾਲੇ ਖੇਤ ਮਜ਼ਦੂਰ, ਮਜ੍ਹਬੀ ਪਰਿਵਾਰ ਵਿਚ ਜੰਮਿਆ ਸੀ, ਜਿਸ ਨੂੰ ਆਰਥਿਕ ਸਮਾਜਿਕ ਕਾਣੀ ਵੰਡ ਦੀਆਂ ਦੁਸ਼ਵਾਰੀਆਂ ਜਮਾਂਦਰੂ ਹੀ ਮਿਲ ਗਈਆਂ ਸਨ, ਜਦਕਿ ਪਾਸ਼ ਖਾਂਦੇ-ਪੀਂਦੇ ਜੱਟ, ਫੌਜੀ ਤੇ ਉੱਚ ਸੱਭਿਆਚਾਰੀ ਪਰਿਵਾਰ ਵਿਚ ਪ੍ਰਵਾਨ ਚੜ੍ਹਿਆ-ਜਿਸ ਦੀਆਂ ਰਿਸ਼ਤੇਦਾਰੀਆਂ, ਅੰਗਲੀਆਂ-ਸੰਗਲੀਆਂ ਵਿਦੇਸ਼ਾਂ ਤੱਕ ਫੈਲੀਆਂ ਹੋਈਆਂ ਸਨ।’’
ਇਥੇ ਰਾਜਿੰਦਰ ਰਾਹੀ ਨੂੰ ਉਸ ਦੀ ਬਸਪਾਵਾਦੀ, ਨਵਮੰਨੂਵਾਦੀ ਸੋਚ ਲਈ ਮੁਬਾਰਕਬਾਦ ਹੀ ਭੇਂਟ ਕੀਤੀ ਜਾ ਸਕਦੀ ਹੈ। ਦੋ ਇਨਕਲਾਬੀ ਕਵੀਆਂ, ਦੋ ਰਾਜਸੀ ਸਮਝਾਂ ਦੇ ਵਿਚਕਾਰ ਜਾਤ-ਪਾਤ ਦਾ ਫਾਨਾ ਰਾਜਿੰਦਰ ਰਾਹੀ ਦੇ ਸੰਘ ਵਿਚੋਂ ਤਾਂ ਭਾਵੇਂ ਉੱਤਰ ਜਾਏ, ਪਰ ਗਰੀਬ ਦਲਿਤ ਪਰਿਵਾਰ ਵਿਚ ਜੰਮਿਆ ਹੋ ਕੇ ਵੀ, ਘੱਟੋ-ਘਟ ਮੇਰੇ ਸੰਘੋਂ ਹੇਠ ਨਹੀਂ ਉੱਤਰਦਾ। ਮ.ਲ. ਦੀ ਸੋਚ ਦਾ ਦਮ ਭਰਨ ਵਾਲੇ ਰਾਹੀਂ ਨੂੰ ਇੰਨੀ ਅਸ਼ਲੀਲ ਭਾਸ਼ਾ ਕਿਵੇਂ ਪਚ ਗਈ, ਸਮਝ ਨਹੀਂ ਆਉਂਦੀ।
ਹੋਰ ਤਾਂ ਹੋਰ ਉਦਾਸੀ ਦੇ ਸਕੇ ਸਬੰਧੀ ਵੀ ਇਸ ਬੰਦੇ ਦੀਆਂ ਚਾਲਬਾਜ਼ੀਆਂ ਨੂੰ ਸਮਝਣ ਤੋਂ ਅਸਮਰੱਥ ਰਹੇ। ਕਿੱਡੀ ਕਮਾਲ ਦੀ ਹੁਸਿ਼ਆਰੀ ਨਾਲ ਉਹ ਮਾਰਕਸੀ-ਲੈਨਿਨੀ ਪੈਂਤੜੇ ਲੈਂਦਾ ਬਸਪਾਵਾਦੀ ਤੇ ਕਦੇ ਖਾਲਿਸਤਾਨੀ ਸੋਚ ਦੀ ਤਰਜ਼ਮਾਨੀ ਕਰਦਾ ਹੈ। ਆਪ ਉਹ ਭਾਵੇਂ ਖਾਲਿਸਤਾਨੀ ਬਣੇ ਜਾਂ ਬਸਪਾਵਾਦੀ ਬਣੇ, ਉਸ ਦੇ ਨਿੱਜ ਨਾਲ ਕਿਸੇ ਨੂੰ ਕੀ ਲਗਾਓ, ਪਰ ਜਦੋਂ ਉਹ ਸਾਡੇ ਸਤਿਕਾਰਯੋਗ ਉਦਾਸੀ ਦੇ ਮੂੰਹ ਵਿਚ ਆਪਣੀ ਮਰਜ਼ੀ ਦੇ ਸ਼ਬਦ ਤੁੰਨਦਾ ਹੈ, ਤਾਂ ਨਿਸ਼ਚੈ ਸਾਨੂੰ ਦਰਦ ਹੋਵੇਗਾ ਹੀ। ਬੜੀ ਹੁਸਿ਼ਆਰੀ ਨਾਲ ਉਹ ਉਦਾਸੀ ਦੇ ਮੂੰਹ ਉੱਪਰ ਖਾਲਿਸਤਾਨੀ ਕਾਲਖ ਪੋਚਣ ਦੀ ਕਰਤੂਤ ਕਰਦਾ ਹੈ। ਉਹ ਬਾਰੂ ਸਤਵਰਗ, ਸੁਰਜੀਤ ਅਰਮਾਨੀ, ਜਗਰਾਜ ਧੌਲਾ, ਕਰਮਜੀਤ ਜੋਗਾ, ਗੁਰਦਾਸ ਘਾਰੂ ਆਦਿ ਦੇ ਨਾਂ ਲੈ ਕੇ ਤਸਦੀਕ ਕਰ ਰਿਹਾ ਹੈ ਕਿ ਉਦਾਸੀ ਖਾਲਿਸਤਾਨੀ ਲਹਿਰ ਦੇ ਪੱਖ ਵਿਚ ਸੀ। ਮੈਂ ਇਨ੍ਹਾਂ ਵਿਚੋਂ ਬਹੁਤ ਸਾਰੇ ਬੰਦਿਆਂ ਨਾਲ ਫੋਨ ‘ਤੇ ਇਸ ਦੀ ਪੜਤਾਲ ਕੀਤੀ ਹੈ ਤਾਂ ਕਿਸੇ ਨੇ ਰਾਹੀ ਦਾ ਪੱਖ ਨਹੀਂ ਲਿਆ। ਹਰੇਕ ਨੇ ਇਹੋ ਕਿਹਾ ਕਿ ਉਦਾਸੀ ਮੱਧਕਾਲੀ ਦੌਰ ਦੇ ਇਨਕਲਾਬੀ ਸਿੱਖ ਸੰਘਰਸ਼ ਦਾ ਮੁੱਦਈ ਸੀ। ਇਸ ਵਿਚ ਉਲ੍ਹਾਮੇ ਵਾਲੀ ਕੀ ਗੱਲ ਹੈ? ਹਰ ਕੌਮ ਆਪਣੇ ਇਤਿਹਾਸਕ ਵਿਰਸੇ ਤੋਂ ਪ੍ਰੇਰਨਾ ਅਤੇ ਅਗਵਾਈ ਲੈਂਦੀ ਹੈ। ਲੋਕ ਮਾਨਸਿਕਤਾ ਵਿਚ ਆਪਣੀ ਇਨਕਲਾਬੀ ਰਾਜਨੀਤੀ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਇਹ ਜ਼ਰੂਰੀ ਵੀ ਹੁੰਦਾ ਹੈ। ਇਹ ਗੱਲ ਉਦਾਸੀ ਦੇ ਗੀਤਾਂ ਵਿਚੋਂ ਸਾਫ਼ ਝਲਕਦੀ ਹੁੰਦੀ ਸੀ, ਜਿਸ ਉਪਰ ਕਦੇ ਕਿਸੇ ਨੂੰ ਇਤਰਾਜ਼ ਨਹੀਂ ਹੋਇਆ।
ਰਾਹੀ ਇਸ ਗੱਲ ਦੀ ਵਾਰ ਵਾਰ ਵਕਾਲਤ ਕਰਦਾ ਹੈ ਕਿ ਉਦਾਸੀ ਨਕਸਲੀ ਲਹਿਰ ਦੇ ਉਤਰਾਅ, ਖਾਸ ਕਰਕੇ ਨੀਲਾ ਤਾਰਾ ਐਕਸ਼ਨ ਅਤੇ ਖਾਲਿਸਤਾਨੀ ਦੌਰ ਵਿਚ ਵੱਡੀ ਥਿੜਕਣ ਦਾ ਸਿ਼ਕਾਰ ਹੋ ਗਿਆ ਸੀ। ਇਹ ਉਹ ਸਮਾਂ ਸੀ, ਜਦੋਂ ਵੱਡੇ ਤੋਂ ਵੱਡੇ ਘਾਗ ਖਾੜਕੂ, ਕੋਈ ਸਿੰਘ ਦੇ ਵਿਸ਼ੇਸ਼ਣ ਵਰਤ ਕੇ ਆਪਣੇ ਆਪ ਨੂੰ ਸਿੱਖ ਬੁੱਧੀਜੀਵੀ ਵਜੋਂ ਪੇਸ਼ ਕਰਕੇ, ਮੁੱਖ ਮੰਤਰੀਆਂ ਦੇ ਗੋਡੀਂ ਲੱਗ ਕੇ ਰੂਪੋਸ਼ੀ ਦੇ ਜੀਵਨ ‘ਚੋਂ ਬਾਹਰ ਆ ਰਹੇ ਸਨ। ਉਨ੍ਹਾਂ ਦੀਆਂ ਲਿਖਤਾਂ ਸਾਡੇ ਸਾਹਮਣੇ ਹਨ, ਪਰ ਰਾਹੀ ਉਦਾਸੀ ਦੀ ਇਕ ਵੀ ਲਿਖਤ ਪਾਠਕਾਂ ਦੇ ਮੂਹਰੇ ਰੱਖੇ, ਜਿਸ ਵਿਚ ਉਸਨੇ ਅਕਾਲੀ ਰਾਜਨੀਤੀ ਜਾਂ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਪੱਖ ਲਿਆ ਹੋਵੇ। ਇਨਕਲਾਬੀ ਸਟੇਜਾਂ ਦੇ ਮੱਧਮ ਪਏ ਦੌਰ ਵਿਚ ਜੇ ਇਕ ਕਵੀ ਕੁਝ ਗੁਰਦੁਆਰਿਆਂ ਦੇ ਪ੍ਰਬੰਧਕਾਂ ਵਲੋਂ ਕਰਵਾਏ ਜਾਂਦੇ ਕਵੀ ਦਰਬਾਰਾਂ ਵਿਚ ਭਾਗ ਲੈਣ ਵੀ ਲੱਗ ਪਿਆ ਸੀ ਤਾਂ ਇਹ ਕੋਈ ਜੱਗੋਂ ਤੇਰ੍ਹਵੀਂ ਗੱਲ ਨਹੀਂ ਸੀ ਹੋ ਗਈ।
ਇਹ ਸਾਰੇ ਲੋਕ ਜਾਣਦੇ ਹਨ ਕਿ ਪਾਸ਼ ਤੇ ਉਦਾਸੀ ਦੋ ਵੱਖਰੀਆਂ ਸ਼ਖਸੀਅਤਾਂ ਸਨ, ਜਿਨ੍ਹਾਂ ਦਾ ਵਜੂਦ ਤੇ ਮਰਨ ਤੱਕ ਦਾ ਅਮਲ ਵੀ ਇਕ ਸਮਾਨ ਨਹੀਂ ਸੀ। ਦੋਹਾਂ ਨੇ ਜੋ ਰਚਨਾਵਾਂ ਵੀ ਸਾਨੂੰ ਦਿੱਤੀਆਂ, ਉਨ੍ਹਾਂ ਕਰਕੇ ਦੋਵੇਂ ਹੀ ਸਾਡੇ ਲਈ ਫ਼ਖਰਯੋਗ ਹਨ ਤੇ ਸਾਨੂੰ ਹਰਗਿਜ਼ ਵੀ ਇਹ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀਂ ਕਿ ਦੋਹਾਂ ਦਾ ਰਚਨਾਤਮਕ ਬੌਧਿਕ ਸਤਰ ਇਕ ਸਮਾਨ ਨਹੀਂ ਸੀ ਤਦ ਵੀ ਇਕ ਹੋਰ ਗੱਲ ਅਸੀਂ ਸਾਰੇ ਸਵੀਕਾਰ ਕਰਦੇ ਹਾਂ ਕਿ ਪਾਸ਼ ਨੇ ਉੱਚ ਬੌਧਿਕ ਕਿਸਮ ਦਾ ਕਾਵਿ ਮੁਹਾਵਰਾ ਸਿਰਜਿਆ, ਜੋ ਲੰਮੇ ਸਮੇਂ ਤੱਕ ਜੀਵਤ ਰਹੇਗਾ। ਉਦਾਸੀ ਦੀਆਂ ਕੁਝ ਰਚਨਾਵਾਂ ਜੋ ਵਕਤੀ ਉਬਾਲ ਦੀ ਉਪਜ ਸਨ, ਉਨ੍ਹਾਂ ਉਪਰ ਸਮੇਂ ਦੀ ਗਰਦਸ਼ ਚੜ੍ਹ ਹੀ ਜਾਣੀ ਹੈ ਜਿਵੇਂ ਮੇਰੀਆਂ ਜਾਂ ਹੋਰ ਕਈ ਜਣਿਆਂ ਦੀਆਂ ਅੱਤਵਾਦੀ ਦੌਰ ਸਮੇਂ ਲਿਖੀਆਂ ਕਹਾਣੀਆਂ ਸਦੀਵੀਂ ਮੁੱਲ ਦੀਆਂ ਸ਼ਾਇਦ ਨਹੀਂ। ਇਹ ਗੱਲ ਖੁਦ ਰਜਿੰਦਰ ਰਾਹੀ ਵੀ ਇਕਬਾਲ ਕਰਦਾ ਹੈ-
‘‘ਦੂਜੀ ਗੱਲ ਕਿ ਕੀ ਵਕਤ ਨੇ ਹੀ ਉਦਾਸੀ ਦੀ ਕਾਵਿ ਪ੍ਰਸੰਗਿਕਤਾ ‘ਤੇ ਕੋਈ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ? ਭਾਰਤ ਸਮੇਤ ਪੰਜਾਬ ਦੀ ਬਦਲਦੀ ਆਰਥਿਕ, ਰਾਜਨੀਤਕ ਸਥਿਤੀ ਵਿਚੋਂ ਅਜਿਹਾ ਸੁਆਲ ਉਠਣਾ ਸੁਭਾਵਿਕ ਹੈ, ਕਿਉਂਕਿ ਜਿਨ੍ਹਾਂ ਦਿਨਾਂ ਵਿਚ ਉਦਾਸੀ ਨੇ ਸਿਰਜਣਾ ਕੀਤੀ, ਉਸ ਵਕਤ ਨਕਸਲਬਾੜੀ ਲਹਿਰ ਨੇ ਆਪਣੇ ਨਿਰਣੈ ਰਾਹੀਂ ਭਾਰਤ ਨੂੰ ਅਰਧ ਜਗੀਰੂ ਅਰਧ ਬਸਤੀਵਾਦੀ ਵਿਸ਼ੇਸ਼ਣ ਰਾਹੀਂ, ਨਵ ਜਮਹੂਰੀ ਇਨਕਲਾਬ ਵਿਚ ਪਿੰਡਾਂ ਤੋਂ ਸ਼ਹਿਰਾਂ ਨੂੰ ਘੇਰਨ ਦੀ ਯੁੱਧ ਨੀਤੀ ਅਪਣਾਈ ਸੀ।…ਆਪ ਹੀ ਪ੍ਰਸ਼ਨ ਕਰਕੇ ਉਸਨੇ ਆਪ ਹੀ ਜਵਾਬ ਵੀ ਦੇ ਦਿੱਤਾ ਹੈ।
ਉਹ ਲਿਖਦਾ ਹੈ, ‘‘ਉਦਾਸੀ ਅਤੇ ਪਾਸ਼ ਦੀ ਯਾਦ ਮਨਾਉਣ ਦਾ ਜਿਥੋਂ ਤਕ ਸਬੰਧ ਹੈ, ਲਗਦਾ ਹੈ, ਇਹ ਜਿਥੇ ਸਾਡੇ ਬੁੱਤ ਪੂਜ ਸੰਸਕਾਰਾਂ ਦਾ ਫਰਕ ਹੈ, ਉਥੇ ਕਿਧਰੇ ਮਰਦਾਨੇ ਤੇ ਬਾਬੇ ਨਾਨਕ ਵਾਲਾ ਫਰਕ ਤਾਂ ਅਸਰ ਅੰਦਾਜ਼ ਨਹੀਂ ਹੋ ਰਿਹਾ?’’ ਉਸਨੂੰ ਏਨੀ ਕੁ ਸਮਝ ਤਾਂ ਹੋਣੀ ਹੀ ਚਾਹੀਦੀ ਸੀ ਕਿ ਗੁਰੂ ਨਾਨਕ ਇਸ ਕਰਕੇ ਗੁਰੂ ਨਾਨਕ ਸੀ ਕਿ ਉਸਨੇ ਅੱਜ ਤੋਂ ਪੰਜ ਸੌ ਅੱਠਤੀ ਸਾਲ ਪਹਿਲਾਂ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਸਰੋਕਾਰਾਂ ਸਬੰਧੀ ਬੜੀ ਹੀ ਬੇਬਾਕੀ ਨਾਲ ਇਕ ਫਲਸਫਾ ਪੇਸ਼ ਕੀਤਾ, ਜਦੋਂ ਕਿ ਮਰਦਾਨਾ ਰਾਗ ਵਿੱਦਿਆ ਦਾ ਉਸਤਾਦ ਰਾਗੀ ਸੀ। ਆਪਣੀ ਪੇਤਲੀ ਦਲੀਲ ਨਾਲ ਉਹ ਇਹ ਸਾਬਤ ਨਹੀਂ ਕਰ ਸਕਿਆ ਕਿ ਮਰਦਾਨੇ ਦੀ ਕਿਹੜੀ ਬਾਣੀ ਕਰਕੇ ਉਸਨੂੰ ਗੁਰੂ ਨਾਨਕ ਦੇ ਬਰਾਬਰ ਦੀ ਪਦਵੀ ਦਿੱਤੀ ਜਾ ਸਕਦੀ? ਪਾਸ਼ ਤੇ ਉਦਾਸੀ ਦਾ ਮੁਕਾਬਲਾ ਕਰਨਾ ਵੀ ਸਿਰੇ ਦੀ ਬੇਵਕੂਫੀ ਹੋਵੇਗੀ। ਕੀ ਸਾਡਾ ਇੰਨੇ ਕੁ ਨਾਲ ਨਹੀਂ ਸਰਦਾ ਕਿ ਪਾਸ਼ ਪਾਸ਼ ਸੀ ਤੇ ਉਦਾਸੀ ਉਦਾਸੀ। ਪਾਸ਼ ਨਾਲ ਤਾਂ ਰਾਹੀ ਕੋਈ ਕਿੜ ਕੱਢਦਾ ਹੈ, ਜਦੋਂਕਿ ਉਦਾਸੀ ਨਾਲ ਹੇਜ਼ ਜਤਾਉਣ ਦੀ ਆੜ ਵਿਚ ਉਸਦਾ ਸਿਵਾ ਫਰੋਲਣ ਦਾ ਯਤਨ ਕਰਦਾ ਹੈ।
ਆਉ ਰਾਹੀ ਦੇ ਸੱਚ ਦੇ ਵੀ ਦਰਸ਼ਨ ਕਰ ਲਈਏ ‘‘…ਅਤੇ ਮੈਂ ਸਤੰਬਰ 1986 ਵਿਚ ਇਕ ਲੰਬੀ ਚੌੜੀ ਮੁਲਾਕਾਤ ਰਿਕਾਰਡ ਕੀਤੀ, ਜਿਸ ਵਿਚ ਉਸਨੇ ਨਕਸਲਬਾੜੀ ਲਹਿਰ ਬਾਰੇ ਵੀ ਉਹ ਗੱਲਾਂ ਕਹੀਆਂ, ਜੋ ਉਸਦੇ ਪਹਿਲੇ ਨਜ਼ਰੀਏ ਤੋਂ ਉਲਟ ਸਨ। ਅਕਾਲੀ ਮੋਰਚੇ, ਖਾਲਿਸਤਾਨੀਆਂ ਅਤੇ ਸਿੱਖਾਂ ‘ਤੇ ਹੋ ਰਹੇ ਜਬਰ ਬਾਰੇ ਵੀ ਉਸਨੇ ਬੜੀਆਂ ਬੇਬਾਕ ਗੱਲਾਂ ਕਹੀਆਂ।’’ ਰਾਹੀ ਦੀਆਂ ਇਨ੍ਹਾਂ ਸਤਰਾਂ ਵਿਚੋਂ ਵੀ ਇਹ ਅਰਥ ਨਹੀਂ ਨਿਕਲਦੇ ਕਿ ਉਦਾਸੀ ਆਪਣੀ ਪ੍ਰਤੀਬੱਧਤਾ ਤਿਆਗ ਕੇ ਖਾਲਿਸਤਾਨੀ ਹੋ ਗਿਆ ਸੀ।
ਇਨਕਲਾਬੀ ਸਰੋਦੀ ਗੀਤਕਾਰੀ ਅਤੇ ਗਾਇਕੀ ਵਿਚ ਸਾਡਾ ਸੰਤ ਰਾਮ ਉਦਾਸੀ ਬੁਲੰਦ ਸੀ, ਜਿਸਦੀ ਸ਼ਾਇਰੀ, ਸ਼ਬਦ ਚੋਣ, ਤਸ਼ਬੀਹਾਂ, ਅਲੰਕਾਰਕ ਜੁਗਤਾਂ ਤੇ ਇਨਕਲਾਬੀ ਸਮਝ ਦੀ ਗੱਲ, ਮੁਕੰਮਲ ਪੁਖ਼ਤਗੀ ਨਾਲ ਕਹਿ ਸਕਣ ਦੀ ਸਮਰੱਥਾ ਅਜੇ ਤੱਕ ਹੋਰ ਕਿਸੇ ਗੀਤਕਾਰ ਵਿਚ ਪੈਦਾ ਨਹੀਂ ਹੋ ਸਕੀ। ਸੰਤ ਰਾਮ ਉਦਾਸੀ ਇਨਕਲਾਬੀ ਲਹਿਰ ਦਾ ਹਾਸਲ ਸੀ।
‘‘ਜਿੱਥੇ ਬੰਦਾ ਜੰਮਦਾ ਸੀਰੀ ਹੈ,
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ,
ਬਾਪੂ ਦੇ ਕਰਜ਼ ਦਾ ਸੂਦ ਨੇ,
ਪੁੱਤ ਜੰਮਦੇ ਜਿਹੜੇ।
ਤੂੰ ਮਘਦਾ ਰਹੀਂ, ਵੇ ਸੂਰਜਾ
ਕੰਮੀਆਂ ਦੇ ਵਿਹੜੇ।’’
‘‘ਗਲ ਲੱਗ ਕੇ ਸੀਰੀ ਦੇ ਜੱਟ ਰੋਵੇ’, ਦੇਸ ਹੈ ਪਿਆਰਾ ਸਾਨੂੰ’, ‘ਹਾੜੀਆਂ ਦੇ ਹਾਣੀਓ’ ਆਦਿ ਅਨੇਕਾਂ ਹੀ ਗੀਤ ਹਨ, ਜੋ ਅੱਜ ਵੀ ਸਾਡੇ ਮੂੰਹ ਚੜ੍ਹੇ ਹੋਏ ਹਨ।
ਤੇ ਪਾਸ਼! ਉਹ ਬੌਧਿਕਤਾ ਪ੍ਰਧਾਨ ਕਵਿਤਾ ਦਾ ਮੀਲ ਪੱਥਰ ਸੀ। ਸਾਡੇ ਲਈ ਲਾਲ ਸਿੰਘ ਦਿਲ ਵੀ ਕੋਈ ਘੱਟ ਨਹੀਂ ਸੀ ਤੇ ਨਾ ਹੈ। ਪਾਸ਼ ਦੀ ਕਵਿਤਾ ਦੀਆਂ ਇੰਨੀਆਂ ਕੁ ਸਤਰਾਂ ਹੀ ਸਾਡੇ ਸ਼ਹੀਦ ਪਾਸ਼ ਦੀ ਮਹਾਨਤਾ ਦਰਸਾਉਣ ਲਈ ਕਾਫੀ ਹਨ-
‘‘ ਪੁਲਸ ਦੀ ਕੁੱਟ
ਸਭ ਤੋਂ ਖ਼ਤਰਨਾਕ ਨਹੀਂ ਹੁੰਦੀ….
ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਨ ਕਰ ਜਾਣਾ
ਘਰੋਂ ਜਾਣਾ ਕੰਮ ‘ਤੇ
ਤੇ ਕੰਮ ਤੋਂ ਘਰ ਪਰਤ ਆਉਣਾ
ਸਭ ਤੋਂ ਖ਼ਤਰਨਾਕ ਹੁੰਦਾ ਹੈ,
ਸਾਡੇ ਸੁਪਨਿਆਂ ਦਾ ਮਰ ਜਾਣਾ’’
ਇਸ ਤਰ੍ਹਾਂ ਇਹ ਦੋਵੇਂ ਕਵੀ ਸਾਡੇ ਸਾਹਾਂ ਵਿਚ ਜਿਊਂਦੇ ਹਨ।
ਸਾਡੀ ਗਲਤੀ ਰਹੀ ਕਿ ‘ਸੰਤ ਰਾਮ ਉਦਾਸੀ’ (ਜੀਵਨ ਤੇ ਸਮੁੱਚੀ ਰਚਨਾ) ਪੁਸਤਕ ਛਪਦੇ ਸਾਰ ਅਸੀਂ ਰਾਹੀ ਦਾ ਅੱਗਾ ਨਾ ਰੋਕਿਆ। ਪਰ ਕਮਾਲ ਹੈ ਕਿ ਇਸ ‘ਵਿਦਵਾਨ’ ਦੀ ਕਲਮ ਵਿਚੋਂ ਜੋ ਗੱਲਾਂ ਨਿਕਲ ਰਹੀਆਂ ਹਨ, ਉਹ ਜੀਵਨ ਮਿਆਰਾਂ ਤੋਂ ਗਿਰੀਆਂ ਹੋਈਆਂ ਹਨ। ਪਾਸ਼ ਦੇ ਗੂੜ੍ਹੇ ਦੋਸਤ ਸ਼ਮਸ਼ੇਰ ਸੰਧੂ ਦੇ ਮੁਕਾਬਲੇ, ਆਪਣੇ ਆਪ ਨੂੰ ਪਾਸ਼ ਦਾ ਗੂੜ੍ਹਾ ਮਿੱਤਰ ਸਾਬਤ ਕਰਨ ਵਾਲਾ ਜਸਵੰਤ ਖਟਕੜ, ਬਿਲਕੁਲ ਵੀ ਪਾਸ਼ ਦੇ ਵਧ ਨੇੜੇ ਨਹੀਂ ਹੋ ਸਕਦਾ। ਸ਼ਮਸ਼ੇਰ ਸੰਧੂ ਨੇ ‘ਇਕ ਪਾਸ਼ ਇਹ ਵੀ’ ਸਿਰਲੇਖ ਅਧੀਨ ਜਦੋਂ ਪਾਸ਼ ਬਾਰੇ ਲਿਖਣਾ ਸ਼ੁਰੂ ਕੀਤਾ ਤਾਂ ਸਾਡਾ ਸਭ ਦਾ ਧਿਆਨ ਉਧਰ ਗਿਆ। ਸੰਧੂ ਨੇ ਬਹੁਤ ਕੁਝ ਅਜਿਹਾ ਸਾਡੇ ਨਾਲ ਸਾਂਝਾ ਕੀਤਾ, ਜਿਸਦਾ ਸਾਨੂੰ ਇਲਮ ਹੀ ਨਹੀਂ ਸੀ।
ਪਾਠਕ ਇਹ ਜਾਣਦੇ ਹਨ ਕਿ ਅਗਾਂਹਵਧੂ ਕ੍ਰਾਂਤੀਕਾਰੀ ਹਲਕਿਆਂ ਦੇ ਹਜ਼ਾਰਾਂ ਹੀ ਲੋਕ, ਪੰਜਾਬ ਲੋਕ ਸਭਿਆਚਾਰ ਮੰਚ ਦੇ ਸਮਰਥਕ ਅਤੇ ਪ੍ਰਸ਼ੰਸਕ ਹਨ। ਇਹ ਪ.ਲ.ਸ. ਮੰਚ ਹੀ ਸੀ, ਜਿਸਦੇ, ਗੁਰਸ਼ਰਨ ਸਿੰਘ ਭਾਅ ਜੀ, ਕਾ. ਅਮੋਲਕ, ਜ਼ੋਰਾ ਸਿੰਘ ਨਸਰਾਲੀ, ਸੁਮਨ, ਮਾਸਟਰ ਤਰਲੋਚਨ, ਹੰਸਾ ਸਿੰਘ ਆਦਿ ਕਈ ਲੋਕ ਮੋਢੀ ਹਨ।
ਇਨਕਲਾਬੀ ਨਾਟਕ ਦੀ ‘ਸਿਖਰ’, ਗੁਰਸ਼ਰਨ ਭਾਅ ਜੀ ਦੀ ਸਰਪ੍ਰਸਤੀ ਹੇਠ ਪਿੰਡ ਨਸਰਾਲੀ ਵਿਖੇ ਪ.ਲ.ਸ. ਮੰਚ ਦੇ ਬਾਨੀ ਜ. ਸਕੱਤਰ ਸੁਖਪਾਲ ਦਾ ਲਿਖਿਆ ਹੋਇਆ ‘ਵਿਧਾਨ ਤੇ ਐਲਾਨਨਾਮਾ’ 14 ਮਾਰਚ 1982 ਨੂੰ ਪ੍ਰਵਾਨ ਕੀਤਾ, ਜਿਸਦੀ ਰੌਸ਼ਨੀ ਵਿਚ ਇਸ ਮੰਚ ਨੇ ਖ਼ਾਲਿਸਤਾਨੀ ਦਹਿਸ਼ਤਗਰਦਾਂ ਖਿ਼ਲਾਫ ਇਨਕਲਾਬੀ ਸੱਭਿਆਚਾਰ ਦਾ ਝੰਡਾ ਚੁੱਕਿਆ ਤੇ ਸੀਸ ਤਲੀ ‘ਤੇ ਰੱਖ ਕੇ ਫਿਰਕੂ ਜਨੂੰਨੀ ਟੋਲਿਆਂ ਨਾਲ ਲੋਹਾ ਲਿਆ। ਇਨ੍ਹਾਂ ਪੱਚੀ ਸਾਲਾਂ ਵਿਚ ਪ.ਲ.ਸ. ਮੰਚ ਵਾਲਿਆਂ ਨੇ ਲੋਕ ਘੋਲਾਂ ਨਾਲ ਮੋਢਾ ਮੇਚ ਕੇ ਕਲਮ ਅਤੇ ਕਲਾ ਨਾਲ ਸਾਥ ਨਿਭਾਇਆ ਹੈ।
ਰਾਹੀ ਆਪਣੀ ਠਿਗਣੀ ਸੋਚ ਦਾ ਪ੍ਰਗਟਾਵਾ ਕਰਦਾ ਹੋਇਆ ਜਸਵੰਤ ਖਟਕੜ ਦਾ ਗੁਰਸ਼ਰਨ ਭਾਅ ਜੀ ਨਾਲ ਮੁਕਾਬਲਾ ਕਰਦਾ ਗਿਲਾ ਕਰਦਾ ਹੈ ਕਿ ਪੈਸੇ ਦੇ ਯੁੱਗ ਵਿਚ ਗੁਰਸ਼ਰਨ ਸਿੰਘ ਦਾ ਜਿ਼ਕਰ ਤਾਂ ਹੋਵੇਗਾ, ਜਸਵੰਤ ਖਟਕੜ ਦਾ ਨਹੀਂ। ‘ਪਿੱਦੀ ਨੂੰ ਆਪਣਾ ਸ਼ੋਰਬਾ’ ਦੇਖ ਕੇ ਹੀ ਸ਼ੇਰਾਂ ਨੂੰ ਦਾਅਵਤ ਦੇਣੀ ਚਾਹੀਦੀ ਸੀ।
ਰਾਹੀ ਨੂੰ ਇੰਨਾ ਤਿੰਘਣ ਦੀ ਪਤਾ ਨਹੀਂ ਕਿਉਂ ਲੋੜ ਪੈ ਗਈ? ਗੁਰਸ਼ਰਨ ਭਾਅ ਜੀ, ਜੋ ਏਸ ਉਮਰੇ ਆਪਣੀ ਕਮਜ਼ੋਰ ਸਿਹਤ ਦੇ ਬਾਵਜੂਦ ਅਜੇ ਵੀ ਪਿੰਡ-ਪਿੰਡ, ਸ਼ਹਿਰ-ਸ਼ਹਿਰ ਇਨਕਲਾਬ ਦਾ ਹੋਕਾ ਦਿੰਦੇ ਫਿਰਦੇ ਹਨ, ਜਿਨ੍ਹਾਂ ਨੂੰ ਪਿਛਲੇ ਦਿਨੀਂ ਇਨਕਲਾਬੀ ਧਿਰਾਂ ਨੇ ਪਿੰਡ ਕੱਸਾ ਵਿਖੇ ਪੈਂਤੀ ਚਾਲੀ ਹਜ਼ਾਰ ਕਿਰਤੀਆਂ, ਕਿਸਾਨਾਂ, ਬੁੱਧੀਜੀਵੀਆਂ ਦੀ ਹਾਜ਼ਰੀ ਵਿਚ ‘ਸਲਾਮ ਪੁਰਸਕਾਰ’ ਨਾਲ ਸਨਮਾਨਤ ਕੀਤਾ, ਵਲ ਉਂਗਲ ਕਰਨ ਦਾ ਕਿਸੇ ਤੰਗ ਨਜ਼ਰੀਏ ਵਾਲੇ ਨੂੰ ਹੀ ਹੌਂਸਲਾ ਪੈ ਸਕਦਾ ਹੈ। ਠੀਕ ਸਿਆਣੇ ਏਸੇ ਨੂੰ ਕਹਿੰਦੇ ਹਨ ਕਿ ਕਾਗ ਹੰਸਾਂ ਦੀ ਰੀਸ ਕਰਨ ਲੱਗ ਪਏ। ਪ.ਲ.ਸ. ਮੰਚ ‘ਤੇ ਥੁੱਕਣਾ, ਗੁਰਸ਼ਰਨ ਭਾਅ ਜੀ ‘ਤੇ ਥੁੱਕਣਾ ਹੈ, ਤੇ ਇਹ ਵੀ ਹਕੀਕਤ ਹੈ ਕਿ ਚੰਨ ‘ਤੇ ਥੁੱਕਣ ਵਾਲੇ ਦਾ ਥੁੱਕ ਉਸਦੇ ਆਪਣੇ ਮੂੰਹ ‘ਤੇ ਹੀ ਡਿੱਗਦਾ ਹੁੰਦਾ ਹੈ।
ਮੈਨੂੰ ਜਾਪਦਾ ਹੈ ਕਿ ਰਾਜਿੰਦਰ ਰਾਹੀ ਆਪਣੇ ਅੰਦਰਲੀ ਗੱਲ ਨੂੰ ਦੂਜਿਆਂ ਦੇ ਮੂੰਹ ਪਾ ਕੇ ਬਕਵਾਉਣ ਦਾ ਮਾਹਿਰ ਹੈ। ਇਉਂ ਹੀ ਜਾਪਦਾ ਹੈ ਕਿ ਉਸਨੇ ਜਸਵੰਤ ਖਟਕੜ ਦੀ ਜ਼ੁਬਾਨ ‘ਤੇ ਆਪਣੇ ਮੂੰਹ ਵਿਚੋਂ ਕੱਢੀ ਜੁਗਾਲੀ ਕੱਢ ਕੇ ਹੀ ਰੱਖੀ ਹੈ ਨਹੀਂ ਤਾਂ ਪਾਸ਼ ਦਾ ਇੰਨਾ ਕਰੀਬੀ ਮਿੱਤਰ ਤੇ ਬੇਪ੍ਰਵਾਹ ਕਿਸਮ ਦਾ ਇਹ ਬੰਦਾ ਬਕਵਾਸ ਦੀ ਹੱਦ ਤੱਕ ਉੱਤਰਨ ਵਾਲਾ ਤਾਂ ਲੱਗਦਾ ਹੀ ਨਹੀਂ।

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: