Remembering Pirthipal Singh Randhawa

 

Pirthipal Singh Randhawa

                              Remembering Pirthipal Singh Randhawa

                                          

 

 

                                     18 ਜੁਲਾਈ ਸ਼ਹੀਦੀ ਦਿਵਸ ‘ਤੇ

 

ਸਾਡੇ ਸੱਜਰੇ ਇਤਿਹਾਸ ਦੇ ਪੰਨੇ

ਪ੍ਰੇਰਨਾਮਈ ਹੈ ਪ੍ਰਿਥੀ ਦਾ ਜੀਵਨ ਤੇ ਕੁਰਬਾਨੀ

ਅੱਜ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਨੂੰ 31 ਵਰ੍ਹੇ ਹੋ ਗਏ ਹਨ। ਉਹਦੀ ਸ਼ਹਾਦਤ ਦੀ ਖਬਰ ਪੰਜਾਬ ਦੇ ਵਿਦਿਆਰਥੀ ਜਗਤ ਤੇ ਹੋਰਨਾਂ ਮਿਹਨਤਕਸ਼ ਲੋਕਾਂ ਲਈ ਵੱਡਾ ਝੰਜੋੜਾ ਲੈ ਕੇ ਆਈ ਸੀ। ਪ੍ਰਿਥੀ 70ਵਿਆਂ ਦੀ ਉਸ ਵਿਦਿਆਰਥੀ ਲਹਿਰ ਦਾ ਮਾਣ ਤੇ ਸ਼ਾਨ ਸੀ ਜੀਹਨੇ ਪੰਜਾਬ ਦੀ ਜਵਾਨੀ ਨੂੰ ਜ਼ਿੰਦਗੀ ਜਿਉਣ ਦਾ ਪਾਠ ਪੜ੍ਹਾਇਆ। ਉਸਨੇ ਲੱਗਭਗ 7 ਵਰ੍ਹੇ ਪੀ.ਐਸ.ਯੂ. ਦੇ ਜਨਰਲ ਸਕੱਤਰ ਵਜੋਂ ਵਿਦਿਆਰਥੀ ਵਰਗ ਦੀ ਅਗਵਾਈ ਕੀਤੀ।

ਪ੍ਰਿਥੀ ਦੀ ਜਵਾਨੀ ਦਾ ਉਹ ਦਹਾਕਾ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਲਹਿਰ ਦਾ ਉਹ ਸੁਨਹਿਰੀ ਪੰਨਾ ਹੈ ਜਿਹੜਾ ਸਾਨੂੰ ਭਾਵੇਂ ਕਿਧਰੇ ਕਿਤਾਬਾਂ ‘ਚੋਂ ਨਹੀਂ ਮਿਲਦਾ ਪਰ ਪੰਜਾਬ ਦੇ ਕਾਲਜਾਂ ਦੀਆਂ ਕੰਧਾਂ ਤੇ ਉਹਦੀ ਪੀੜ੍ਹੀ ਦੇ ਲੋਕਾ ਦੇ ਚੇਤਿਆਂ ‘ਤੇ ਉਕਰਿਆ ਦਿਖਦਾ ਹੈ। ਆਪਣੀ ਵਿਦਿਆਰਥੀ ਸਰਗਰਮੀ ਦੌਰਾਨ ਮੈਂ ਬਹੁਤ ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ, ਪੱਤਰਕਾਰਾਂ ਤੇ ਵੱਖ-2 ਜਥੇਬੰਦੀਆਂ ‘ਚ ਸਰਗਰਮ ਵਿਅਕਤੀਆਂ ਦੇ ਸੰਪਰਕ ‘ਚ ਆਇਆ ਹਾਂ, ਸਭਨਾਂ ਦੀਆਂ ਗੱਲਾਂ ‘ਚ ਪ੍ਰਿਥੀ ਦਾ ਜ਼ਿਕਰ ਜ਼ਰੂਰ ਛਿੜ ਪੈਂਦਾ ਹੈ, ਜੀਹਦੇ ‘ਚ ਓਹਦੀ ਸ਼ਹਾਦਤ ਤੇ ਜੀਵਨ ਘਾਲਣਾ ਲਈ ਸ਼ਰਧਾ ਤੇ ਸਨਮਾਨ ਦਾ ਭਾਵ ਤਾਂ ਦਿਖਦਾ ਹੀ ਹੈ ਸਗੋਂ ਉਹਦੇ ਸਮਕਾਲੀ ਹੋਣ ਦਾ ਮਾਣ ਵੀ ਝਲਕਦਾ ਹੈ।

ਪੰਜਾਬ ਦੇ ਲੋਕਾਂ ਖਾਸ ਕਰ ਨੌਜਵਾਨਾਂ ਤੇ ਵਿਦਿਆਰਥੀਆਂ ‘ਚ ਪ੍ਰਿਥੀ ਦੇ ਪਿਆਰੇ ਤੇ ਸਤਿਕਾਰੇ ਜਾਣ ਦਾ ਅੰਦਾਜ਼ਾ ਉਹਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਧਰਤੀ ‘ਤੇ ਚੱਲੀ ਵਿਸ਼ਾਲ ਰੋਸ ਲਹਿਰ ਦੇ ਝਲਕਾਰਿਆਂ ਤੋਂ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਅੰਦਰ ਜਨਤਕ ਰੋਹ ਦੇ ਸੇਕ ਨੇ ਅੰਗਰੇਜ਼ ਹਾਕਮਾਂ ਨੂੰ ਲੂਹ ਸੁੱਟਿਆ ਸੀ। ਉਸ ਤੋਂ ਬਾਅਦ ਕਿਸੇ ਜਨਤਕ ਆਗੂ ਦੀ ਸ਼ਹਾਦਤ ਨੇ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਹਲੂਣਾ ਦਿੱਤਾ ਤਾਂ ਉਹ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਸੀ।

ਪ੍ਰਿਥੀ 19 ਵਰ੍ਹਿਆਂ ਦਾ ਸੀ ਜਦੋਂ ਪੀ.ਏ.ਯੂ. ਲੁਧਿਆਣੇ ‘ਚ ਆਪਣੇ ਸੰਗੀਆਂ ਦੀ ਛੋਟੀ ਟੁਕੜੀ ਨਾਲ ਰਲ ਕੇ ਕਦੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਬਣਾਈ ਪੰਜਾਬ ਸਟੂਡੈਂਟ ਯੂਨੀਅਨ ਦੇ ਨਾਂ ਹੇਠ ਵਿਦਿਆਰਥੀਆਂ ਨੂੰ ਚੇਤਨ ਕਰਨ ਤੇ ਜਥੇਬੰਦ ਕਰਨ ‘ਚ ਜੁਟ ਗਿਆ ਸੀ। ਅਜਿਹੇ ਸਮਿਆਂ ‘ਚ ਜਦੋਂ ਹੱਕ ਸੱਚ ਦੀ ਗੱਲ ਕਰਨ ਦੀ ਕੀਮਤ ਕਾਲਜ ‘ਚੋਂ ਕੱਢੇ ਜਾਣ ਤੋਂ ਲੈ ਕੇ ਜਾਨ ਤੱਕ ਹੋ ਸਕਦੀ ਸੀ । ਪਰ ਪ੍ਰਿਥੀ ਨੇ ਇਹਨਾਂ ਬੇਹੱਦ ਔਖੀਆਂ ਹਾਲਤਾਂ ‘ਚ ਵੱਡੇ ਹੌਂਸਲੇ ਤੇ ਲੋਹੜੇ ਦੇ ਸਬਰ ਨਾਲ, ਹੱਕ ਸੱਚ ਦਾ ਪਰਚਮ ਬੁਲੰਦ ਰੱਖਣ ਦੀਆਂ ਅਜਿਹੀਆਂ ਰਵਾਇਤਾਂ ਸਿਰਜੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਰੁਸ਼ਨਾਉਂਦੀਆਂ ਰਹਿਣਗੀਆਂ।

ਜਦੋਂ ਅਕਤੂਬਰ 1972 ‘ਚ ਮੋਗੇ ਦੇ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਤੇ ਹਕੂਮਤੀ ਧੱਕੇਸ਼ਾਹੀ ਖਿਲਾਫ਼ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ ‘ਚ ਸ਼ਾਨਾਮੱਤਾ ਸੰਗਰਾਮ ਲੜਿਆ ਤਾਂ ਪੀ.ਐਸ.ਯੂ. ਹਰ ਸਕੂਲ/ਕਾਲਜ ਤੱਕ ਫੈਲ਼ ਗਈ। ਵਿਦਿਆਰਥੀ ਨਿਆਸਰੇ ਨਾ ਰਹੇ ਸਗੋਂ ਇਕ ਚੇਤਨ ਤੇ ਜਥੇਬੰਦ ਤਾਕਤ ਬਣ ਗਏ। ਵਿਦਿਅਕ ਪ੍ਰਬੰਧਾਂ ਦੇ ਵਿਗਾੜਾਂ ਖਿਲਾਫ਼ ਅਤੇ ਵਿਦਿਅਕ ਸੰਸਥਾਵਾਂ ‘ਚ ਜਮਹੂਰੀ ਮਾਹੌਲ ਦੀ ਸਥਾਪਤੀ ਲਈ ਜੂਝਦੇ ਵਿਦਿਆਰਥੀਆਂ ਦੇ ਜੋਸ਼ੀਲੇ ਤੇ ਜ਼ਬਤਬੱਧ ਕਾਫ਼ਲੇ ਹੋਰਨਾਂ ਮਿਹਤਨਕਸ਼ਲ ਤਬਕਿਆਂ ਲਈ ਵੀ ਜਥੇਬੰਦ ਹੋਣ ਤੇ ਜੂਝਣ ਦੀ ਪ੍ਰੇਰਨਾ ਬਣਨ ਲੱਗੇ। ਇਹ ਪ੍ਰਿਥੀਪਾਲ ਰੰਧਾਵੇ ਦੀ ਅਗਵਾਈ ਹੀ ਸੀ ਕਿ ਜੇਕਰ 1974 ‘ਚ ਦੇਸ਼ ਅੰਦਰ ਜੇ.ਪੀ. ਲਹਿਰ ਚੱਲੀ ਤਾਂ ਪੀ.ਐਸ.ਯੂ. ਨੇ ਲੋਕਾਂ ਨੂੰ ਭਟਕਾਊ ਨਾਅਰਿਆਂ ਤੋਂ ਸੁਚੇਤ ਕੀਤਾ ਅਤੇ ਆਪਣੇ ਸਮਾਜਿਕ ਰੋਲ ਨੂੰ ਪਹਿਚਾਣਦਿਆਂ ਸਿਰਫ ਵਿਦਿਆਰਥੀ ਮਸਲਿਆਂ ਤੱਕ ਸੀਮਤ ਨਾ ਰਹਿ ਕੇ ਵੱਡੀ ਜ਼ਿੰਮੇਵਾਰੀ ਨਿਭਾਉਦਿਆਂ, ਮੋਗੇ ‘ਚ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀ ਵੱਡੀ ਸੰਗਰਾਮ ਰੈਲੀ ਜਥੇਬੰਦ ਕੀਤੀ ਤੇ ਕੌਮ ਲਈ ਕਲਿਆਣ ਦਾ ਮਾਰਗ ਪੇਸ਼ ਕੀਤਾ। ਜੂਨ 75 ‘ਚ ਦੇਸ਼ ਅੰਦਰ ਐਮਰਜੈਂਸੀ ਲੱਗੀ। ਵੱਡੀਆਂ-2 ਸਿਆਸੀ ਪਾਰਟੀਆਂ ਬੇ-ਅਸਰ ਹੋ ਗਈਆਂ ਪਰ ਪ੍ਰਿਥੀ ਦੀ ਅਗਵਾਈ ‘ਚ ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦਾ ਪਰਚਮ ਲਹਿਰਾਉਂਦਾ ਰੱਖਿਆ, ਐਮਰਜੈਂਸੀ ਦਾ ਸਰਗਰਮ ਵਿਰੋਧ ਕੀਤਾ। ਇਹ ਅਜਿਹਾ ਮੌਕਾ ਸੀ ਜਦੋਂ ਚਾਰੇ ਪਾਸੇ ਪਸਰੀ ਚੁੱਪ ‘ਚ ਪੰਜਾਬ ਦੇ ਕਾਲਜਾਂ ‘ਚ ‘ਅਸੀਂ ਜਿਉਂਦੇ-ਅਸੀਂ ਜਾਗਦੇ’ ਦੀਆਂ ਅਵਾਜ਼ਾਂ ਉਚੀਆਂ ਹੋ ਰਹੀਆਂ ਸਨ। ਰੰਧਾਵੇ ਨੇ ਗਿਰਫਤਾਰੀ ਦਿੱਤੀ ਅਤੇ ਅੰਮ੍ਰਿਤਸਰ ਦੇ ਤਸੀਹਾ ਕੇਂਦਰ ‘ਚ ਕਹਿਰਾਂ ਦੇ ਤਸ਼ਦੱਦ ਦਾ ਸਿਦਕਦਿਲੀ ਨਾਲ ਸਾਹਮਣਾ ਕਰਦਿਆਂ ਲੋਕਾ ਹਿਤਾਂ ਲਈ ਆਪਣੀ ਵਫ਼ਾਦਾਰੀ ਦੀ ਰੌਸ਼ਨ ਮਿਸਾਲ ਪੇਸ਼ ਕੀਤੀ। ਪ੍ਰਿਥੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹਰ ਮਿਹਨਤਕਸ਼ ਤਬਕੇ ਨੂੰ ਸਹਿਯੋਗੀ ਮੋਢਾ ਲਾਇਆ ਤੇ ਸਭਨਾਂ ਸੰਘਰਸ਼ਸ਼ੀਲ ਕਾਫਲਿਆਂ ‘ਚ ਆਪਸੀ ਸਾਂਝ ਦਾ ਸੰਚਾਰ ਕੀਤਾ।

ਪੰਜਾਬ ਦੀ ਨੌਜਵਾਨ-ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਇਹ ਉਹ ਦੌਰ ਹੈ ਜਦੋਂ ਨੌਜਵਾਨਾਂ ‘ਚ ਤੇਜ਼ੀ ਨਾਲ ਸਮਾਜਿਕ ਚੇਤਨਾ ਤੇ ਜਮਹੂਰੀ ਸੋਝੀ ਦਾ ਪਸਾਰਾ ਹੋਇਆ। ਪ੍ਰਿਥੀ ਪਾਲ ਰੰਧਾਵੇ ਤੇ ਉਹਦੇ ਸਾਥੀਆਂ ਦੀ ਘਾਲਣਾ ਦਾ ਸਿੱਟਾ ਹੀ ਸੀ ਕਿ ਉਹਨਾਂ ਸਮਿਆਂ ‘ਚ ਪੰਜਾਬ ਦੇ ਕਾਲਜਾਂ ‘ਚ ਬਹੁਤ ਗੰਭੀਰ ਤੇ ਸਿਹਤਮੰਦ-ਉਸਾਰੂ ਮਹੌਲ ਦੀ ਸਥਾਪਨਾ ਹੋਈ। ਵਿਦਿਅਕ ਸੰਸਥਾਵਾਂ ਐਸ਼ਪ੍ਰਸਤੀ, ਗੈਰ-ਇਖਲਾਕੀ, ਮਰਨਊ ਤੇ ਢਾਹੂ ਰੁਚੀਆਂ ਦੇ ਸੰਚਾਰ ਦਾ ਸਾਧਨ ਬਣਨ ਦੀ ਥਾਂ ਅਗਾਂਹ-ਵਧੂ ਸਭਿਆਚਾਰਕ ਤੇ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣੀਆਂ। ਕਾਲਜਾਂ ਦੇ ਦਮਘੋਟੂ ਮਾਹੌਲ ਖਿਲਾਫ਼ ਜਦੋਜਹਿਦ ਕਰਕੇ ਸਿਰਜੇ ਗਏ ਜਮਹੂਰੀ ਮਾਹੌਲ ‘ਚ ਵਿਦਿਆਰਥੀਆਂ ਨੇ ਆਪ ਸਿਰਜੀ ਜਮਹੂਰੀਅਤ ਨੂੰ ਮਾਣਿਆ। ਵਿਦਿਆਰਥੀਆਂ ‘ਚ ਸਮਾਜਿਕ ਤੇ ਰਾਜਨੀਤਕ ਸਰੋਕਾਰਾਂ ਪੱਖੋਂ ਹਾਲਤ ਇੱਥੋਂ ਤੱਕ ਪਹੁੰਚੀ ਕਿ ਰੂਸ ਵੱਲੋਂ ਅਫਗਾਨਿਸਤਾਨ ‘ਤੇ ਨਿਹੱਕੇ ਹਮਲੇ ਖਿਲਾਫ਼ ਵੀ ਪੰਜਾਬ ਦੇ ਵਿਦਿਆਰਥੀ ਸੜਕਾਂ ‘ਤੇ ਨਿਤਰਦੇ ਰਹੇ।

ਆਪਣੇ ਵਿਦਿਅਕ ਜੀਵਨ ਦੀ ਸਮਾਪਤੀ ਤੋਂ ਬਾਅਦ, ਆਪਣੇ ਅੰਤਲੇ ਦਿਨਾਂ ‘ਚ ਰੰਧਾਵੇ ਨੇ ਜਮਹੂਰੀ ਹੱਕਾਂ ਦੀ ਜਥੇਬੰਦੀ ਖੜੀ ਕਰਨ ਲਈ ਯਤਨ ਜੁਟਾਏ ਤੇ ਸਿੱਟੇ ਵਜੋਂ ਜਮਹੂਰੀ ਅਧਿਕਾਰ ਸਭਾ ਦੀ ਸਥਾਪਨਾ ਹੋਈ। 18 ਜੁਲਾਈ 1979 ਨੂੰ ਪੀ.ਏ.ਯੂ. ਦੇ ਸਿਆਸੀ ਸਰਪ੍ਰਸਤੀ ਵਾਲੇ ਗੁੰਡਾ ਟੋਲੇ ਵੱਲੋਂ ਪ੍ਰਿਥੀ ਨੂੰ ਅਗਵਾ ਕਰਕੇ, ਕੋਹ ਕੋਹ ਕੇ ਸ਼ਹੀਦ ਕਰ ਦਿੱਤਾ। ਪ੍ਰਿਥੀ ਦੇ ਵਾਰਸਾਂ ਨੇ ਮਹੀਨਿਆਂ ਬੱਧੀ ਵੱਡਾ ਸੰਗਰਾਮ ਲੜ ਕੇ ਉਹਨੂੰ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ। ਉਹਦੀ ਸ਼ਹਾਦਤ ਤੇ ਉਘੇ ਕਵੀ ਪਾਸ਼ ਨੇ ਕਵਿਤਾ ਰਾਹੀਂ ਸਿਜਦਾ ਕੀਤਾ

ਜਿੱਦਣ ਤੂੰ ਪ੍ਰਿਥੀ ਨੂੰ ਜੰਮਿਆ

ਉਹ ਕਿਹੜਾ ਦਿਨ ਸੀ ਮਾਂ

ਰੱਬ ਬਣਕੇ ਮੈਂ ਕੁੱਲ ਕੈਲੰਡਰ

ਉਹੀਉ ਦਿਨ ਕਰਦਾਂ

—————

27 ਵਰ੍ਹੇ ਦੀ ਉਮਰ ‘ਚ ਹੀ ਜੇਕਰ ਉਹ ਅਜਿਹੀਆਂ ਪੈੜਾਂ ਪਾ ਸਕਿਆ ਤਾਂ ਇਹ ਲੋਕ ਹਿਤਾਂ ਦੇ ਕਾਜ਼ ਪ੍ਰਤੀ ਉਹਦੀ ਨਿਹਚਾ ਤੇ ਸਮਰਪਣ ਭਾਵਨਾ ਦਾ ਹੀ ਸਿੱਟਾ ਹੈ । ਅਜਿਹਾ ਆਪਣੀ ਲਿਆਕਤ ਤੇ ਸੂਝ ਸਿਆਣਪ ਦਾ ਹਰ ਅੰਸ਼ ਮਿਹਤਨਕਸ਼ ਲੋਕਾਂ ਦੀ ਮੁਕਤੀ ਦੇ ਕਾਜ਼ ਨੂੰ ਅਰਪਣ ਕਰਨ ਦੀ ਭਾਵਨਾ ਕਰਕੇ ਹੀ ਸੰਭਵ ਹੋ ਸਕਿਆ। ਪ੍ਰਿਥੀ ਅੱਜ ਜਿਸਮਾਨੀ ਤੌਰ ‘ਤੇ ਭਾਵੇਂ ਇਸ ਦੁਨੀਆਂ ‘ਚ ਨਹੀਂ ਪਰ ਪੰਜਾਬ ‘ਚ ਲੋਕ ਹੱਕਾਂ ਦੀ ਲਹਿਰ ਉਸਾਰਨ ਦਾ ਉਹਦਾ ਲਾਇਆ ਬੂਟਾ ਅੱਜ ਭਰ ਜਵਾਨ ਹੋਣ ਜਾ ਰਿਹਾ ਹੈ।

ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਨਾਇਕ ਸ਼ਹੀਦ ਪ੍ਰਿਥੀਪਾਲ ਰੰਧਾਵਾ ਸ਼ਹੀਦ ਭਗਤ ਸਿੰਘ ਦਾ ਅਸਲ ਵਾਰਸ ਬਣ ਕੇ ਜਿਉਂਇਆਂ ਤੇ ਵਿਦਾ ਹੋਇਆ। ਅੱਜ ਪੰਜਾਬ ਦੀ ਜਵਾਨੀ ਜਿਹਨਾਂ ਹਾਲਤਾਂ ‘ਚੋਂ ਗੁਜ਼ਰ ਰਹੀ ਹੈ, ਉਹ ਹਾਲਾਤ ਪ੍ਰਿਥੀ ਦੇ ਵੇਲ਼ਿਆਂ ਤੋਂ ਵੀ ਬਦਤਰ ਹਨ। ਸਿੱਖਿਆ ਤੇ ਰੁਜ਼ਗਾਰ ਬੁਰੀ ਤਰ੍ਹਾਂ ਉਜਾੜੇ ਮੂੰਹ ਆਇਆ ਹੋਇਆ ਹੈ। ਬੇਹੱਦ ਮਹਿੰਗੀਆਂ ਪੜ੍ਹਾਈਆਂ ਪੜ੍ਹ ਕੇ ਵੀ ਨੌਜਵਾਨ ਜ਼ਿੰਦਗੀ ਦਾ ਨਿਰਬਾਹ ਕਰਨ ਤੋਂ ਅਸਮਰੱਥ ਰਹਿ ਰਹੇ ਹਨ ਤੇ ਸਿਰੇ ਦੀ ਬੇ-ਵੁੱਕਤੀ ਵਾਲੀ ਹਾਲਤ ਦਾ ਸਹਾਮਣਾ ਕਰ ਰਹੇ ਹਨ। ਇਸ ਹਾਲਤ ‘ਚੋਂ ਨਿਰਾਸ਼ਾਮਈ ਸੋਚਾਂ ਉਪਜਦੀਆਂ ਹਨ, ਜਵਾਨੀ ਨਸ਼ਿਆਂ ਦਾ ਆਸਰਾ ਤੱਕਦੀ ਹੈ, ਜ਼ਿੰਦਗੀ ਦੀ ਲੜਾਈ ਹਾਰ ਕੇ ਖੁਦਕੁਸ਼ੀਆਂ ਦੇ ਰਾਹ ਤੁਰਦੀ ਹੈ। ਕੁਝ ਹਿੱਸੇ ਬੇਵਸੀ ਦੀ ਹਾਲ਼ਤ ‘ਚੋਂ ਹਾਕਮਾਂ ਦੇ ਸਿਰ ਚੜ੍ਹ ਕੇ ਮਰਨ ਦੇ ਰਾਹ ਵੀ ਤੁਰਦੇ ਹਨ। ਅਜਿਹੇ ਵੇਲਿਆਂ ‘ਚ ਸਾਨੂੰ ਆਪਣੇ ਸੱਜਰੇ ਇਤਿਹਾਸ ਤੇ ਜੰਮ ਗਈ ਧੂੜ ਪਾਸੇ ਕਰਕੇ ਪ੍ਰਿਥੀਪਾਲ ਰੰਧਾਵੇ ਦੀ ਬੀਰ ਗਾਥਾ ਦੇ ਪੰਨੇ ਫਰੋਲਣੇ ਚਾਹੀਦੇ ਹਨ। ਕਾਲਜਾਂ ‘ਚ ਬੇ-ਵੁੱਕਤੇ ਬਣੇ ਨੌਜਵਾਨ ਕਿਵੇਂ ਸਿਆਸੀ ਪਾਰਟੀਆਂ ਦੇ ਮੁਥਾਜ਼ ਨਾ ਰਹਿ ਕੇ ਇਕ ਆਜ਼ਾਦ ਤਾਕਤ ਬਣਕੇ ਉਭਰੇ ਤੇ ਸਮੇਂ ਦਾ ਵਹਿਣ ਬਦਲ ਗਏ। ਪ੍ਰਿਥੀ ਦੀ ਅਗਵਾਈ ‘ਚ ਵਿਦਿਆਰਥੀਆਂ ਦੇ ਕਾਰਨਾਮਿਆਂ ਦੀ ਰੋਸ਼ਨ ਮਿਸਾਲ ਤੋਂ ਰੌਸ਼ਨੀ ਲੈ ਕੇ ਅੱਜ ਦੇ ਹਾਲਤਾਂ ‘ਚ ਹੱਕ ਲਈ ਜੂਝਣ ਦਾ ਜੇਰਾ ਕਰਨਾ ਚਾਹੀਦਾ ਹੈ। 31 ਵਰ੍ਹੇ ਬਾਅਦ ਵੀ ਪ੍ਰਿਥੀ ਦੇ ਬਣਾਏ ਰਾਹ ਅਜੋਕੇ ਪੰਜਾਬ ਦੀ ਜਵਾਨੀ ਦੇ ਕਦਮਾਂ ਦੀ ਤਾਲ ਨੂੰ ਉਡੀਕ ਰਹੇ ਹਨ।

ਮਿਤੀ: 10-07-2010

ਪਾਵੇਲ ਕੁੱਸਾ ਫੋਨ ਨੰ: 94170-54015

ਪਿੰਡ ਤੇ ਡਾਕ ਕੁੱਸਾ ਜ਼ਿਲ੍ਹਾ : ਮੋਗਾ

Advertisements

3 Responses to “Remembering Pirthipal Singh Randhawa”

  1. lovepreet Says:

    hi

  2. lovepreet Says:

    hi Mr.kussa .thanks for biogaraphy of our real hero.i will give you call asap because we know each other.anyway thanks again for following matter.

  3. hi i read life story of prithi randhawa ue was real hero of student we must follow them

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: