Surinder Sohal-Remembering poet Kanwar Imtiaz

ਕੰਵਰ ਇਮਤਿਆਜ਼ ਨੂੰ ਯਾਦ ਕਰਦਿਆਂ

ਸੁਰਿੰਦਰ ਸੋਹਲ

ਮੈਨੂੰ ਸੋਢੀ ਸੁਲਤਾਨ ਸਿੰਘ ਦਾ ਫੋਨ ਆਇਆ, ‘ਯਾਰ ਮੈਂ ਕੱਲ੍ਹ ਕੰਵਰ ਇਮਤਿਆਜ਼ ਨਾਲ ਗੱਲ ਕੀਤੀ ਸੀ। ਮਨ ਨੂੰ ਬੜੀ ਚੈਨ ਮਿਲੀ। ਪਿਛਲੇ ਛੇ ਸੱਤ ਸਾਲਾਂ ਤੋਂ ਉਹ ਮੇਰੇ ਨਾਲ ਨਾਰਾਜ਼ ਸੀ। ਚਲੋ ਸਾਡੀ ਨਰਾਜ਼ਗੀ ਦੂਰ ਹੋ ਗਈ।’

ਮੈਂ ਕਿਹਾ, ‘ਤੂੰ ਮੈਨੂੰ ਵੀ ਕੰਵਰ ਇਮਤਿਆਜ਼ ਦਾ ਨੰਬਰ ਦੇਵੀਂ। ਕੋਈ ਬਾਰਾਂ ਕੁ ਸਾਲ ਪਹਿਲਾਂ ਸਾਡੀ ਨਰਾਜ਼ਗੀ ਹੋ ਗਈ ਸੀ। ਅੱਠ ਨੌਂ ਸਾਲ ਪਹਿਲਾਂ ਸਾਡੀ ਅਜੀਬ ਤਰੀਕੇ ਨਾਲ ਸੁਲਾਹ ਵੀ ਹੋ ਗਈ ਸੀ, ਪਰ ਮੈਂ ਕਦੇ ਉਸ ਨਾਲ ਰਾਬਤਾ ਨਹੀਂ ਬਣਾ ਸਕਿਆ। ਨੰਬਰ ਜ਼ਰੂਰ ਦੇਵੀਂ।’

‘ਮੇਰੇ ਕੋਲ ਘਰ ਐ ਨੰਬਰ, ਕੱਲ੍ਹ ਨੂੰ ਲਿਆਊਂਗਾ।’ ਸੋਢੀ ਸੁਲਤਾਨ ਸਿੰਘ ਕੈਲੇਫੋਰਨੀਆ ਰਹਿੰਦਾ ਹੈ। ਅਜੇ ਆਰਥਿਕ ਮੰਦਹਾਲੀ ਅਤੇ ਬੇਗਾਨਗੀ ਦਾ ਸੰਤਾਪ ਭੋਗ ਰਿਹਾ ਹੈ। ਜਦੋਂ ਉਸਦੀ ਗੱਲ ਮੇਰੇ ਨਾਲ ਜਾਂ ਪੰਜਾਬ ਵਿਚ ਕਿਸੇ ਲੇਖਕ-ਮਿੱਤਰ ਨਾਲ ਹੋ ਜਾਂਦੀ ਹੈ ਤਾਂ ਉਹ ਕਈ ਕਈ ਦਿਨ ਉਤਸ਼ਾਹ ਨਾਲ ਭਰਿਆ ਰਹਿੰਦਾ ਹੈ। ਉਹਨਾਂ ਮਿੱਤਰਾਂ ਦੀਆਂ ਹੀ ਗੱਲਾਂ ਕਰਦਾ ਰਹਿੰਦਾ ਹੈ। ਸੋਢੀ ਕਹਿਣ ਲੱਗਾ,’ਪਤਾ ਨਈਂ ਉਹਦੇ ਕੋਲ ਟਾਈਮ ਨਹੀਂ ਸੀ। ਕਹਿੰਦਾ-ਹੁਣ ਮੈਨੂੰ ਰੁਖਸਤੀ ਦੇਣਾ, ਰਾਤ ਨੂੰ ਗੱਲ ਕਰਾਂਗੇ। ਮੁੜ ਕੇ ਮੇਰੇ ਕੋਲੋਂ ਕਾਲ ਨਈਂ ਕਰ ਹੋਈ। ਸੁਰਜੀਤ ਸਾਜਨ ਨਾਲ ਵੀ ਮੈਂ ਗੱਲ ਕੀਤੀ ਸੀ। ਉਸ ਤੋਂ ਈ ਉਦ੍ਹਾ ਨੰਬਰ ਲਿਆ ਸੀ।’

ਸੋਢੀ ਸੁਲਤਾਨ ਸਿੰਘ ਨੇ ਅਚਾਨਕ ਹੀ ਕੰਵਰ ਇਮਤਿਆਜ਼ ਦਾ ਜ਼ਿਕਰ ਛੇੜ ਲਿਆ ਤਾਂ ਮੈਨੂੰ ਉਸ ਨਾਲ ਗੁਜ਼ਾਰਿਆ ਜ਼ਮਾਨਾ ਯਾਦ ਆਉਣ ਲੱਗਾ। ਮੈਂ ਸੋਢੀ ਨੂੰ ਉਸ ਨਾਲ ਜੁੜੀਆਂ ਘਟਨਾਵਾਂ ਸੁਣਾਉਣ ਲੱਗ ਪਿਆ।
ਜਦੋਂ ਮੇਰੀ ਕੰਵਰ ਇਮਤਿਆਜ਼ ਨਾਲ ਮੁਲਾਕਾਤ ਹੋਈ ਸੀ, ਉਸ ਦੀ ਕਿਤਾਬ ‘ਲਿਖਤੁਮ ਸ਼ਹਿਰ ਭੰਬੋਰ’ ਛਪ ਚੁੱਕੀ ਸੀ। ਉਸਨੇ ‘ਅਕਾਦਮੀ ਆਫ਼ ਪੰਜਾਬੀ ਫੋਕਲੋਰ’ ਨਾਂ ਦੀ ਸੰਸਥਾ ਬਣਾ ਲਈ ਸੀ। ਆਪਣੇ ਕਦੇ ਕਦਾਈਂ ਛਪਣ ਵਾਲੇ ਰਿਸਾਲੇ (ਜਿਹੜਾ ਉਂਝ ਮਾਸਿਕ ਸੀ) ‘ਵਾਰਿਸ’ ਵਿਚ ਉਹ ਇਕਬਾਲ ਕੈਸਰ ਦੀ ਕਿਤਾਬ ‘ਪੱਤਰ ਟਾਵਾਂ ਟਾਵਾਂ’ ਪੂਰੀ ਦੀ ਪੂਰੀ ਛਾਪ ਚੁੱਕਾ ਸੀ। ‘ਹਰਕਾਰਾ’ ਮੈਗਜ਼ੀਨ ਦਾ ਸਹਿ-ਸੰਪਾਦਕ ਬਣ ਗਿਆ ਸੀ। ਪਾਕਿਸਤਾਨ ਤੋਂ ‘ਬਾਬਾ ਬੁੱਲ੍ਹੇ ਸ਼ਾਹ ਐਵਾਰਡ’ ਅਜੇ ਪ੍ਰਾਪਤ ਕਰਨ ਵਾਲਾ ਰਹਿੰਦਾ ਸੀ। ‘ਮੈਂ ਪੰਜਾਬ ਹਾਂ’ ਕਿਤਾਬ ਦਾ ਸੰਪਾਦਨ ਵੀ ਹਾਲੇ ਉਸਨੇ ਕੀਤਾ ਨਹੀਂ ਸੀ।

ਉਸਦੇ ਹੱਥੀਂ ਲਾਇਆ ਬੂਟਾ ‘ਸਿਰਜਣਾ ਕੇਂਦਰ ਕਪੂਰਥਲਾ’ ਵੱਧ ਫੁੱਲ ਕੇ ਆਪਣੀ ਥਾਂ ਬਣਾ ਚੁੱਕਾ ਸੀ। ਹੌਲੀ ਹੌਲੀ ਉਹ ਇਸਦੇ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਇਸ ਦਾ ਸਰਪ੍ਰਸਤ ਵੀ ਬਣ ਗਿਆ ਸੀ।
ਪੰਜਾਬੀ ਸਾਹਿਤ ਦੀ ਦੁਨੀਆ ਵਿਚ ਸਾਡੀ ਅਜੇ ‘ਐਂਟਰੀ’ ਹੀ ਸੀ।

ਕਰਨੈਲ ਸਿੰਘ ਨਿੱਝਰ ਆਪਣੇ ਪਿੰਡ ਨਿੱਝਰਾਂ ਵਿਚ ‘ਨਿੱਝਰ ਸਾਹਿਤ ਸਭਾ’ ਵਲੋਂ ਫੰਕਸ਼ਨ ਕਰਵਾਉਂਦਾ ਹੁੰਦਾ ਸੀ। ਅਸੀਂ ਲੋਕ ਲਿਖਾਰੀ ਸਭਾ ਦੀਆਂ ਮੀਟਿੰਗਾਂ ਵਿਚ ਜਲੰਧਰ ਤਾਂ ਜਾਣਾ ਸ਼ੁਰੂ ਕਰ ਦਿੱਤਾ ਸੀ, ਪਰ ਪਿੰਡ ਵਿਚ ਸਾਹਿਤਕ ਸਮਾਗਮ ਦਾ ਰੰਗ ਬਿਲਕੁਲ ਵੱਖਰਾ ਹੀ ਹੁੰਦਾ ਸੀ। ਸਮਾਗਮ ਤੋਂ ਬਾਦ ਮੇਜ਼ ‘ਤੇ ਟਿਕੀਆਂ ਦੇਸੀ ਦਾਰੂ ਦੀਆਂ ਮਟਮੈਲੀਆਂ ਬੱਦਲੀਆਂ ਵਰਗੀਆਂ ਬੋਤਲਾਂ ਦੁਆਲੇ ਲੇਖਕ ਮੋਰਾਂ ਵਾਂਗ ਪੈਲਾਂ ਪਾਉਂਦੇ ਫਿਰਦੇ।

ਫੰਕਸ਼ਨ ਸਕੂਲ ਵਿਚ ਹੁੰਦਾ।

ਕਰਨੈਲ ਸਿੰਘ ਨਿੱਝਰ ਦੱਸਦਾ, ‘ਪਾਸ਼ ਨੂੰ ਵੀ ਅਸੀਂ ਬੁਲਾਉਂਦੇ ਹੁੰਦੇ ਸੀ। ਆ ਵੀ ਜਾਂਦਾ ਸੀ, ਕੰਜਰ ਦਾ ਸਮਾਗਮ ਵਿਚ ਨਹੀਂ ਸੀ ਆਉਂਦਾ। ਸਕੂਲ ਦੀ ਔਸ ਕੰਧ ‘ਤੇ ਬੈਠਾ ਮੂਲੀਆਂ-ਸ਼ਲਗਮ ਖਾਂਦਾ ਰਹਿੰਦਾ। ਇਕ ਵਾਰੀ ਗੁੜ ਦੀ ਪੇਸੀ ਲੈ ਕੇ ਬੈਠਾ ਸੀ, ਸਾਰੀ ਖਾ ਗਿਆ।’

ਪਾਸ਼ ਜਾ ਚੁੱਕਾ ਸੀ। ਅਸੀਂ ਉਸ ਦੀਵਾਰ ਵੱਲ ਦੇਖਦੇ ਰਹਿੰਦੇ ਤੇ ਬੈਠੇ ਪਾਸ਼ ਦਾ ਝਾਉਲਾ ਅੱਖਾਂ ਵਿਚ ਲਿਆਉਣ ਲਈ ਅੱਖਾਂ ਦੀਆਂ ਪੁਤਲੀਆਂ ਸੁੰਗੇੜਦੇ।
 

ਇਹਨਾਂ ਸਮਾਗਮਾਂ ਵਿਚ ਸਾਡੀ ਕੰਵਰ ਇਮਤਿਆਜ਼ ਨਾਲ ਜਾਣ-ਪਛਾਣ ਵਧੀ ਸੀ। ਉਹ ਸਮਾਗਮ ਦੀ ਕਾਰਵਾਈ ਚਲਾਉਣ ਵਿਚ ਮੁਹਾਰਤ ਰੱਖਦਾ ਸੀ। ‘ਸ਼ਬਦਾਂ ਦਾ ਜਾਦੂਗਰ’ ਵਿਸ਼ੇਸ਼ਣ ਉਸ ਨਾਲ ਆਮ ਵਰਤਿਆ ਜਾਂਦਾ। ਉਹ ਕੁਰਤਾ-ਸਲਵਾਰ ਪਾ ਕੇ ਦਿਉ ਵਰਗੇ ਸਰੀਰ ਨਾਲ ਦੂਰੋਂ ਆਉਂਦਾ ਹੀ ਨਜ਼ਰ ਆ ਜਾਂਦਾ ਸੀ।

‘ਬੜੀ ਚੀਜ਼ ਐ।’ ਸੁਰਜੀਤ ਸਾਜਨ ਆਖਦਾ, ‘ਕਵੀ ਨੂੰ ਪੇਸ਼ ਕਰਨ ਵੇਲੇ ਉਸ ਲਈ ਸ਼ਬਦ ਪਤਾ ਨਹੀਂ ਕਿੱਥੋਂ ਕੱਢ ਲਿਆਉਂਦੈ।’
ਮੈਂ ਉਸਨੂੰ ‘ਹਰਕਾਰਾ’ ਮੈਗਜ਼ੀਨ ਵਾਸਤੇ ਗ਼ਜ਼ਲ ਭੇਜੀ। ਕੁਝ ਦਿਨਾਂ ਬਾਅਦ ਮੈਨੂੰ ਮਿਲਿਆ ਤੇ ਕਿਹਾ, ‘ਤੇਰੀ ਚਿੱਠੀ ਮਿਲ ਗਈ ਐ।’
‘ਕਿੱਦਾਂ ਲੱਗੀ ਗ਼ਜ਼ਲ?’
‘ਇਹਦੇ ਬਾਰੇ ਤੇਰੇ ਨਾਲ ਫਿਰ ਗੱਲ ਕਰਾਂਗਾ।’

ਕੁਝ ਦਿਨਾਂ ਬਾਦ ਮਿਲਿਆ ਤਾਂ ਬੋਲਿਆ, ‘ਬੁਰਾ ਨਾ ਮਨਾਉਣਾ ਮੈਂ ਤੇਰੀ ਗ਼ਜ਼ਲ ਨਹੀਂ ਛਾਪ ਰਿਹਾ। ਹੋਰ ਮਿਹਨਤ ਕਰ।’
ਉਸਨੇ ਏਨੇ ਖ਼ਲੂਸ ਨਾਲ ਕਿਹਾ ਕਿ ਮੈਨੂੰ ਬੁਰਾ ਨਹੀਂ ਲੱਗਾ ਸਗੋਂ ਹੋਰ ਮਿਹਨਤ ਕਰਨ ਦੀ ਪਰੇਰਨਾ ਉਸਦੇ ਬੋਲਾਂ ਵਿਚੋਂ ਮਿਲੀ।

ਕਰਨੈਲ ਸਿੰਘ ਨਿੱਝਰ ਦੀ ਕਿਤਾਬ ‘ਠਾਕੀਆਂ ਜੀਭਾਂ’ ਉਪਰ ਏ ਪੀ ਜੀ ਸਕੂਲ ਜਲੰਧਰ ਵਿਚ ਗੋਸ਼ਟੀ ਸੀ। ਜਸਵੰਤ ਸਿੰਘ ਕੰਵਲ ਇਸ ਦੀ ਪ੍ਰਧਾਨਗੀ ਕਰ ਰਿਹਾ ਸੀ। ਗੋਸ਼ਟੀ ਦੀ ਚਾਲ ਬਹੁਤ ਠੰਢੀ ਸੀ।

ਇਸ ਸਮਾਗਮ ਦੀ ਕਾਰਵਾਈ ਚਲਾਉਂਦਾ ਕੰਵਰ ਚਿਹਰੇ ‘ਤੇ ਬੇਹੱਦ ਗ਼ੁੱਸਾ ਅਤੇ ਅੱਖਾਂ ਵਿਚ ਜੋਸ਼ ਲਿਆ ਕੇ ਬੋਲਿਆ, ‘ਅਸੀਂ ਕਿਤਾਬ ਦੀ ਗੋਸ਼ਟੀ ‘ਤੇ ਆਏ ਆਂ। ਸਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਨਈਂ ਕਰਨੀਆਂ ਚਾਹੀਦੀਆਂ। ਕਹਾਣੀਆਂ ਬਾਰੇ ਬੇਬਾਕ ਹੋ ਕੇ ਬੋਲਣਾ ਚਾਹੀਦੈ। ਕਹਾਣੀਆਂ ਨਾਲ ਇਨਸਾਫ ਕਰਨਾ ਚਾਹੀਦੈ। ਕਹਾਣੀਕਾਰ ਦੀ ਸਮਰੱਥਾ ਬਾਰੇ ਗੱਲ ਕਰਨੀ ਚਾਹੀਦੀ ਐ।’

ਉਹ ਜਿਵੇਂ ਗ਼ੁੱਸੇ ਵਿਚ ਕੰਬਣ ਲੱਗ ਪਿਆ। ਗੋਸ਼ਟੀ ਵਿਚ ਇਕਦਮ ਤੇਜ਼ੀ ਆ ਗਈ। ਕਹਾਣੀਆਂ ਦੇ ਹੱਕ ਤੇ ਵਿਰੋਧ ਵਿਚ ਬਹਿਸ ਭਖ ਗਈ। ਲੇਖਕਾਂ ਨੂੰ ਇਥੇ ਲੜਦੇ ਵੀ ਅਸੀਂ ਪਹਿਲੀ ਵਾਰ ਹੀ ਦੇਖਿਆ ਸੀ।

ਗੋਸ਼ਟੀ ਤੋਂ ਬਾਦ ਉਮਿੰਦਰ ਜੌਹਲ ਦੇ ਹੱਥ ‘ਤੇ ਹੱਥ ਮਾਰ ਕੇ ਕੰਵਰ ਇਮਤਿਆਜ਼ ਨੇ ਖਿੜ ਖਿੜਾ ਕੇ ਹੱਸਦੇ ਹੋਏ ਕਿਹਾ, ‘ਕਿੱਦਾਂ ਫਿਰ ਦੇਖਿਆ, ਗੋਸ਼ਟੀ ‘ਚ ਗਰਮੀ ਕਿਵੇਂ ਪੈਦਾ ਕੀਤੀ ਮੈਂ।’

ਕੰਵਰ ਇਮਤਿਆਜ਼ ਦੇ ਪਿੰਡ ਸਿੱਧਵਾਂ ਵਿਖੇ ਮੇਰੀ ਭੂਆ ਦੀ ਕੁੜੀ ਵਿਆਹੀ ਹੋਈ ਹੈ। ਉਥੇ ਹੀ ਸਕੂਲ ਵਿਚ ਉਹ ਮਾਸਟਰ ਰਿਹਾ ਹੈ। ਇਹ ਗੱਲ 1990 ਦੀ ਹੈ। ਅਸੀਂ ਸਿੱਧਵਾਂ ਭੂਆ ਦੀ ਕੁੜੀ ਨੂੰ ਮਿਲਣ ਗਏ ਸਾਂ। ਮੈਂ ਬੀਬੀ ਨੂੰ ਉਹਨਾਂ ਦੇ ਘਰ ਛੱਡਦੇ ਹੋਏ ਆਖਿਆ, ‘ਮੈਂ ਸਕੂਲੇ ਮਾਸਟਰ ਨੂੰ ਮਿਲ ਆਵਾਂ।’

‘ਕਿਹੜੇ ਮਾਸਟਰ ਨੂੰ?’ ਭੂਆ ਦੀ ਕੁੜੀ ਨੇ ਪੁੱਛਿਆ।
‘ਮਾਸਟਰ ਕੰਵਰ ਨੂੰ।’

‘ਅੱਛਾ ਬੂਝਾ ਮੁਹੰਮਦ ਨੂੰ। ‘ ਭੂਆ ਦੀ ਕੁੜੀ ਨੇ ਕਿਹਾ, ‘ਉਹਦੇ ਕੋਲ ਈ ਆਪਣੀ ਨਿੱਕੀ ਪੜ੍ਹਦੀ ਐ।’
ਮੈਨੂੰ ਪਹਿਲੀ ਵਾਰ ਉਸਦਾ ਅਸਲ ਨਾਮ ਪਤਾ ਲੱਗਾ ਸੀ।

ਮੈਂ ਗਿਆ ਤਾਂ ਉਸਨੇ ਕਲਾਸ ਤੋਂ ਹਟਵੀਆਂ ਦੋ ਕੁਰਸੀਆਂ ਰਖਵਾ ਲਈਆਂ। ਦੋ ਨਿਆਣਿਆਂ ਨੂੰ ਆਪਣੇ ਘਰੋਂ ਚਾਹ ਲਿਆਉਣ ਲਈ ਭੇਜ ਦਿੱਤਾ।

ਗੱਲਾਂ ਕਰਦਾ ਕਰਦਾ ਬੋਲਿਆ, ‘ਤੂੰ ਚੰਗਾ ਕੀਤਾ, ਉਲਫ਼ਤ ਬਾਜਵਾ ਹੋਰਾਂ ਦਾ ਸ਼ਾਗਿਰਦ ਬਣ ਗਿਐਂ। ਤੇਰੇ ‘ਚ ਕਾਫ਼ੀ ਨਿਖਾਰ ਆ ਰਿਹੈ। ਚੰਗੀ ਗੱਲ ਹੈ ਤੂੰ ਜਦੀਦ (ਆਧੁਨਿਕ) ਗ਼ਜ਼ਲ ਲਿਖ ਰਿਹੈਂ। ਮੱਖੀ ਤੇ ਮੱਖੀ ਨਹੀਂ ਮਾਰ ਰਿਹਾ। ਤੁਹਾਡੇ ਗਰੁੱਪ ‘ਚੋਂ ਦਵਿੰਦਰ ਮੰਡ ਨੇ ਬਹੁਤ ਤਰੱਕੀ ਕੀਤੀ ਐ।’

ਞਦਵਿੰਦਰ ਮੰਡ ਦੀਆਂ ਦੋ ਕਹਾਣੀਆਂ ਉਪਰੋਥਲੀ ‘ਨਾਗਮਣੀ’ ਵਿਚ ਛੱਪ ਗਈਆਂ ਸਨ। ਕੰਵਰ ‘ਨਾਗਮਣੀ’ ਤੇ ਅੰਮ੍ਰਿਤਾ ਪ੍ਰੀਤਮ ਦਾ ਪ੍ਰਸੰਸਕ ਸੀ। ਉਸ ਬਾਰੇ ਕਿਹਾ ਜਾਂਦਾ ਸੀ ਕਿ ਉਸਨੇ ‘ਨਾਗਮਣੀ’ ਦੇ ਪਹਿਲੇ ਅੰਕ ਤੋਂ ਲੈ ਕੇ ਤਾਜ਼ਾ ਅੰਕਾਂ ਤੱਕ ਸਭ ਨੂੰ ਜਿਲਦਾਂ ਬਣਾ ਕੇ ਸਾਂਭਿਆ ਹੋਇਆ ਹੈ।

ਗੱਲਾਂ ਕਰਦਾ ਕਰਦਾ ਉਹ ਕਹਿਣਾ ਲੱਗਾ, ‘ਤੈਨੂੰ ਪਤਾ ਰੱਬ ਨੇ ਖ਼ੂਬਸੂਰਤ ਚੀਜ਼ਾਂ ਇਕੱਠੀਆਂ ਕਰਕੇ ਲੇਖਕ ਬਣਾ ਦਿੱਤਾ। ਜਿਹੜਾ ਮਗਰੋਂ ਫੋਕ ਬਚਿਆ ਉਸਦਾ ਆਲੋਚਕ ਬਣਾ ਦਿੱਤਾ।’  ਉਹ ਉੱਚੀ ਉੱਚੀ ਹੱਸਿਆ। ਫਿਰ ਬੋਲਿਆ, ‘ਚੈਖ਼ਵ ਪਤਾ ਕੀ ਕਹਿੰਦੈ ਆਲੋਚਕ ਬਾਰੇ? ਕਹਿੰਦਾ-ਆਲੋਚਕ ਉਹ ਬੌਣਾ ਹੈ ਜਿਹੜਾ ਲੇਖਕ ਦੇ ਮੋਢਿਆਂ ‘ਤੇ ਚੜ੍ਹ ਕੇ ਆਖਦਾ ਹੈ-ਦੇਖ ਮੈਂ ਤੇਰੇ ਨਾਲੋਂ ਉੱਚਾ ਹਾਂ…।’

ਦਰਖ਼ਤਾਂ ‘ਤੇ ਪੰਛੀ ਬੋਲੇ। ਉਹ ਪੰਛੀਆਂ ਬਾਰੇ ਦੱਸਣ ਲੱਗਾ, ‘ਤੈਨੂੰ ਪਤਾ ਜਦੋਂ ਅਸੀਂ ਕਹਿੰਦੇ ਹਾਂ-ਕੋਇਲ ਕੂਕਦੀ ਹੈ। ਇਹ ਗ਼ਲਤ ਹੈ। ਹਮੇਸ਼ਾ ਨਰ ਕੋਇਲ ਹੀ ਕੂਕਦਾ ਹੈ। ਮਾਦਾ ਕੋਇਲ ਨੂੰ ਆਕਰਸ਼ਤ ਕਰਨ ਲਈ। ਇਸ ਲਈ ਕੋਇਲ ਕੂਕਦਾ ਹੈ, ਸਹੀ ਹੈ।’

ਫਿਰ ਉਹ ਮੈਨੂੰ ਮਮੋਲਿਆਂ, ਮੋਰਾਂ, ਗਟਾਰਾਂ, ਸ਼ਾਰਕਾਂ ਬਾਰੇ ਨਿੱਕੀਆਂ ਨਿੱਕੀਆਂ ਗੱਲਾਂ ਦੱਸਦਾ ਰਿਹਾ। ਫਿਰ ਉਹ ਦਰਖ਼ਤਾਂ ਬਾਰੇ ਗੱਲਾਂ ਕਰਦਾ ਰਿਹਾ। ਚਾਹ ਦੀਆਂ ਚੁਸਕੀਆਂ ਭਰਦਾ ਬੋਲਿਆ, ‘ਤੈਨੂੰ ਪਤਾ ਕੰਨਾਂ ਦੇ ਸਭ ਤੋਂ ਹੇਠਲੇ ਹਿੱਸੇ ਨੂੰ ਕੀ ਕਹਿੰਦੇ ਐ, ਜਿੱਥੇ ਜ਼ਨਾਨੀਆਂ ਵਾਲੀਆਂ ਪਾਉਂਦੀਆਂ?’
ਮੈਂ ਨਾਂਹ ਵਿਚ ਸਿਰ ਮਾਰਿਆ।

‘ਇਹ ਪਿੱਪੜੀਆਂ ਹੁੰਦੀਆਂ।’
ਉਸਨੇ ਮੈਨੂੰ ਦੋ ਵਾਰ ਚਾਹ ਪਿਆਈ ਤੇ ਫਿਰ ਮਿਲਣ ਦਾ ਬਜ਼ਿੱਦ ਵਾਅਦਾ ਲਿਆ।
ਕੰਵਰ ਇਮਤਿਆਜ਼ ਦੀ ਸ਼ਾਇਰੀ ਧਰਤੀ ਨਾਲ, ਮਨੁੱਖ ਨਾਲ ਜੁੜੀ ਹੋਈ ਹੈ-
ਜ਼ਿੰਦਗੀ ਦੁਸ਼ਵਾਰੀਆਂ ਤੇ ਠੋਕਰਾਂ।
ਸੁਪਨਿਆਂ ਵਿਚ ਰੀਂਗਦੀ ਹੈ ਕਲਪਨਾ।
ਜਾਣ ਵਾਲੇ ਜਾਹ ਤੇਰਾ ਸ਼ੁਕਰੀਆ,
ਆਉਣ ਲੱਗਾ ਲੈ ਕੇ ਆਵੀਂ ਰੌਣਕਾਂ।

ਕੰਵਰ ਇਮਤਿਆਜ਼ ਚਿੱਤਰਕਾਰੀ ਵੀ ਕਰਦਾ ਸੀ। ਚਿੱਤਰਕਾਰੀ ਵਿਚ ਉਸਨੇ ਆਪਣਾ ਉਸਤਾਦ ਇਮਰੋਜ਼ ਨੂੰ ਮੰਨਿਆ ਹੋਇਆ ਸੀ।

ਮੈਂ ਤੇ ਕੁਲਭੂਸ਼ਨ ਨੇ ਤ੍ਰੈ ਮਾਸਿਕ ‘ਅਹਿਸਾਸ’ ਪਰਚਾ ਸ਼ੁਰੂ ਕਰ ਲਿਆ।
ਸੁਰਜੀਤ ਸਾਜਨ ਨੇ ਦੱਸਿਆ, ‘ਕੰਵਰ ਤੇਰੇ ਮੈਟਰ ਦੀ ਸਿਲੈਕਸ਼ਨ ਦੀ ਤਾਰੀਫ਼ ਕਰਦਾ ਸੀ।’

ਉਹਨੀਂ ਦਿਨੀਂ ਕੰਵਰ ਇਮਤਿਆਜ਼ ਨੇ ਆਪਣੀ ‘ਅਕਾਦਮੀ ਆਫ਼ ਪੰਜਾਬੀ ਫੋਕਲੋਰ’ ਵਲੋਂ ਕਪੂਰਥਲੇ ਦੇ ਐਸ ਡੀ ਐਮ ਦੀ ਕਿਤਾਬ ‘ਕਲਾਮ ਹੀਰ’ ਪ੍ਰਕਾਸ਼ਿਤ ਕੀਤੀ।

ਮੈਂ ਰਾਤ ਨੂੰ ਕਿਤਾਬ ਪੜ੍ਹਦਾ ਗਿਆ ਤੇ ਪੁਆਇੰਟ ਲਿਖਦਾ ਗਿਆ। ਤੜਕੇ ਨੂੰ ਮੈਨੂੰ ਫਿਰ ਜਾਗ ਆ ਗਈ। ਮੈਂ ਉਸ ਕਿਤਾਬ ਬਾਰੇ ਲੰਬਾ ਲੇਖ ਲਿਖ ਦਿੱਤਾ। ਮੈਨੂੰ ਲੱਗਦਾ ਸੀ ਕਿ ਕੰਵਰ ਨੂੰ ਇਹ ਕਿਤਾਬ ਘੱਟੋ ਘੱਟ ‘ਅਕਾਦਮੀ’ ਵਲੋਂ ਛਾਪਣੀ ਨਹੀਂ ਸੀ ਚਾਹੀਦੀ। ਮੈਂ ਆਪਣੇ ਲੇਖ ਦੀ ਆਖ਼ਰੀ ਲਾਈਨ ਇਹ ਲਿਖੀ ਸੀ-ਜੇਕਰ ਅਕਾਦਮੀ ਆਫ਼ ਪੰਜਾਬੀ ਫੋਕਲੋਰ ਅਜਿਹੀਆਂ ਕਿਤਾਬਾਂ ਪ੍ਰਕਾਸ਼ਿਤ ਕਰੇਗੀ ਤਾਂ ਉਸਦੇ ਭਵਿੱਖ ‘ਤੇ ਤਰਸ ਹੀ ਖਾਧਾ ਜਾ ਸਕੇਗਾ।’
ਸੁਰਜੀਤ ਸਾਜਨ ਨੇ ਲੇਖ ਪੜ੍ਹਿਆ ਤਾਂ ਅਸੀਂ ਸਲਾਹ ਬਣਾਈ ਕਿ ਇਸ ਨੂੰ ‘ਅਹਿਸਾਸ’ ਵਿਚ ਛਾਪ ਦੇਈਏ।

ਇਹ ‘ਅਹਿਸਾਸ’ ਦਾ ਦੂਸਰਾ ਅੰਕ ਸੀ। ਲੇਖ ਛਾਪ ਦਿੱਤਾ ਗਿਆ। ਲੇਖ ਲਿਖਣ ਵਾਲੇ ਦੇ ਨਾਂ ਦੀ ਥਾਂ ਸਿਰਫ਼ ‘ਟਿੱਪਣੀਕਾਰ’ ਛਾਪ ਦਿੱਤਾ।

ਮੈਂ ਕਪੂਰਥਲੇ ਡਾ. ਸੁਰਜੀਤ ਭੱਟੀ ਕੋਲੋਂ ਹੋਮਿਓਪੈਥੀ ਦੀ ਦਵਾ ਲੈਣ ਗਿਆ ਇਕ ਪਰਚਾ ਉਸ ਲਈ ਵੀ ਲੈ ਗਿਆ।

ਉੱਥੇ ਪ੍ਰੋ: ਹਰਬੰਸ ਚਾਹਲ ਬੈਠਾ ਸੀ। ਮੈਂ ਉਸਨੂੰ ਇਕ ਸਮਾਗਮ ਵਿਚ ਇਕ ਕਿਤਾਬ ਬਾਰੇ ਬੋਲਦਿਆਂ ਸੁਣਿਆਂ ਸੀ ਤੇ ਉਸਦੀ ਸਾਹਿਤਕ ਤੇ ਆਲੋਚਨਾਤਮਕ ਭਾਸ਼ਾ ਤੋਂ ਪ੍ਰਭਾਵਿਤ ਸਾਂ। ਪ੍ਰੋ. ਚਾਹਲ ‘ਅਹਿਸਾਸ’ ਨੂੰ ਫੋਲਦਾ ਫੋਲਦਾ ‘ਕਲਾਮ ਹੀਰ’ ਵਾਲਾ ਲੇਖ ਪੜ੍ਹਨ ਲੱਗ ਪਿਆ। ਸਾਰਾ ਮੁਕਾ ਕੇ ਬੋਲਿਆ, ‘ਵਧੀਆ ਚੀਰ ਫਾੜ ਕੀਤੀ ਆ ਬਈ, ਤੂੰ ਲਿਖਿਐ?’
ਮੈਂ ਝੂਠ ਬੋਲਿਆ, ‘ਨਹੀਂ ਮੇਰੇ ਦੋਸਤ ਨੇ ਲਿਖਿਐ।’

ਮੈਨੂੰ ਖ਼ੁਸ਼ੀ ਇਸ ਗੱਲ ਦੀ ਸੀ ਕਿ ਪ੍ਰੋ. ਚਾਹਲ ਨੂੰ ਉਹ ਲੇਖ ਚੰਗਾ ਲੱਗਾ ਸੀ।
ਉਸ ਲੇਖ ਦੀ ਗੱਲ ਕਪੂਰਥਲੇ ਫੈਲ ਗਈ। ਦੋਸਤਾਂ ਤੋਂ ਪਤਾ ਲੱਗਾ ਕਿ ਕੰਵਰ ਨੇ ਸਾਰੇ ਮਿੱਤਰਾਂ ਨੂੰ ਕਹਿ ਦਿੱਤਾ ਸੀ ਕਿ ਇਸ ਲੇਖ ਬਾਰੇ ਗੱਲ ਨਹੀਂ ਕਰਨੀ। ਜੇ ਰੌਲਾ ਪੈ ਗਿਆ ਤਾਂ ਗੱਲ ਜ਼ਿਆਦਾ ਫੈਲ ਜਾਵੇਗੀ। ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਲੱਗੇਗਾ। ਚੁੱਪ ਕਰ ਰਹੋ। ਅਗਲਾ ਅੰਕ ਆ ਜਵੇਗਾ ਤਾਂ ਇਹ ਗੱਲ ਦੱਬੀ ਜਾਵੇਗੀ।

ਉਦੋਂ ਤੋਂ ਕੰਵਰ ਇਮਤਿਆਜ਼ ਨਾਲ ਮੇਰੀ ਬੋਲ ਚਾਲ ਬੰਦ ਹੋ ਗਈ ਸੀ। ਮੈਨੂੰ ਇਹ ਵੀ ਪਤਾ ਲੱਗਾ ਕਿ ਕੰਵਰ ‘ਅਹਿਸਾਸ’ ਪਰਚੇ ਬਾਰੇ ਆਖਦਾ ਹੈ, ‘ਇਹਨਾਂ ਨੇ ਪਰਚਾ ਕੀ ਕੱਢਣਾ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਲਫ਼ਜ਼ ‘ਅਹਿਸਾਸ’ ਨਹੀਂ ‘ਇਹਸਾਸ’ ਹੁੰਦਾ ਹੈ।’
1997 ਵਿਚ ਮੈਂ ਪੰਜਾਬ ਛੱਡ ਦਿੱਤਾ।

ਦੋ ਤਿੰਨ ਸਾਲ ਬਾਦ ਮੈਂ ਇਕ ਮੀਟਿੰਗ ਵਿਚ ਗਿਆ। ‘ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ’ ਦੀ ਮੀਟਿੰਗ ਰਣਧੀਰ ਸਿੰਘ ਨਿਊਯਾਰਕ ਦੇ ਘਰ ਹੋ ਰਹੀ ਸੀ। ਮੈਂ ਉਦੋਂ ਨਵਾਂ ਨਵਾਂ ਹੀ ਇਹਨਾਂ ਮੀਟਿੰਗਾਂ ਵਿਚ ਜਾਣ ਲੱਗਾ ਸਾਂ। ਬਹੁਤਿਆਂ ਨਾਲ ਵਾਕਫ਼ੀ ਨਹੀਂ ਸੀ। ਇਸ ਮੀਟਿੰਗ ਵਿਚ ਮੈਨੂੰ ਇਕਬਾਲ ਕੈਸਰ ਮਿਲਿਆ। ਉਹ ਪਾਕਿਸਤਾਨ ਤੋਂ ਆਇਆ ਸੀ। ਆਪਣੇ ਨਾਲ ‘ਪਾਕਿਸਤਾਨ ਵਿਚ ਗੁਰਦੁਆਰੇ’ ਨਾਂ ਦੀ ਵੱਡੀ ਸਾਰੀ ਕਿਤਾਬ ਵੀ ਲੈ ਕੇ ਆਇਆ ਸੀ, ਜਿਸ ਵਿਚ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਬਾਰੇ ਗੁਰਮੁਖੀ, ਉਰਦੂ ਤੇ ਅੰਗਰੇਜ਼ੀ ਵਿਚ ਜਾਣਕਾਰੀ ਸੀ। ਮੈਨੂੰ ਲੱਗਦਾ ਸੀ ਇਹ ਨਾਮ ਸੁਣਿਆ ਹੋਇਆ ਹੈ। ਦੂਸਰੇ ਦਿਨ ਉਸ ਨਾਲ ਬੈਠਕ ਰਾਣੀ ਨਗਿੰਦਰ ਦੇ ਘਰ ਸੀ। ਮੈਂ ਤੇ ਸੁਖਵਿੰਦਰ ਖੱਟੜਾ ਇਕਬਾਲ ਕੈਸਰ ਨੂੰ ਹੀ ਮਿਲਣ ਇਸ ਮੀਟਿੰਗ ਵਿਚ ਗਏ ਸਾਂ।
ਮੀਟਿੰਗ ਮੁੱਕੀ ਤਾਂ ਅਸੀਂ ਪੁੱਛਿਆ, ‘ਅੱਜ ਰਾਤ ਕਿੱਥੇ?’

ਉਹ ਬੋਲਿਆ,’ਜਿਹੜਾ ਲੈ ਜਾਏ।’

ਅਸੀਂ ਉਸਨੂੰ ਆਪਣੇ ਨਾਲ ਹੀ ਲੈ ਆਏ। ਘਰ ਰਸੋਈ ਵਿਚ ਬੈਠ ਕੇ ਉਸ ਨਾਲ ਇੰਟਰਵਿਊ ਕਰਦੇ ਰਹੇ। ਉਸਦੀ ਕਿਤਾਬ ਦਾ ਜ਼ਿਕਰ ਆਇਆ ਤਾਂ ਮੈਂ ਪੁੱਛਿਆ, ‘ਇਕਬਾਲ ਜੀ ਇਹ ਕਿਤਾਬ ਕਿਤੇ ਉਹੀ ਤਾਂ ਨਹੀਂ ਜਿਹੜੀ ‘ਸਾਡੇ ਕੰਵਰ ਇਮਤਿਆਜ਼’ ਨੇ ਆਪਣੇ ਪਰਚੇ ‘ਵਾਰਿਸ’ ਵਿਚ ਪੂਰੀ ਦੀ ਪੂਰੀ ਇਕੋ ਵਾਰੀ ਛਾਪ ਦਿੱਤੀ ਸੀ।’
‘ਹਾਂ ਜੀ।’

ਅਸੀਂ ਲਿਵਿੰਗ ਰੂਪ ਵਿਚ ਹੀ ਸੌਂ ਗਏ। ਇਕਬਾਲ ਕੈਸਰ ਸੋਫੇ ‘ਤੇ ਸੌਂ ਗਿਆ।
ਸਵੇਰੇ ਉਸਨੂੰ ਲਾਂਗ ਆਈਲੈਂਡ, ਜਿੱਥੇ ਉਸਨੇ ਕਿਹਾ ਛੱਡ ਆਏ।

ਇਹ ਇੰਟਰਵਿਊ ‘ਦੇਸ਼ ਸੇਵਕ’ ਵਿੱਚ ਛਪੀ। ‘ਸਾਡੇ ਕੰਵਰ ਇਮਤਿਆਜ਼ ਦੇ ਪਰਚੇ ਵਾਰਿਸ’ ਵਾਲੀ ਸਤਰ ਪੜ੍ਹ ਕੇ ਕੰਵਰ ਇਮਤਿਆਜ਼ ਨੂੰ ਚਾਅ ਚੜ੍ਹ ਗਿਆ।
 

ਸੁਰਜੀਤ ਸਾਜਨ ਨੇ ਮੈਨੂੰ ਦੱਸਿਆ, ‘ਕੰਵਰ ਨਾਲੇ ਸਾਡੇ ਦਫ਼ਤਰ ਦੀਆਂ ਪੌੜੀਆਂ ਚੜ੍ਹਦਾ ਆਵੇ ਨਾਲ ਕਹਿੰਦਾ ਆਵੇ-ਸਾਜਨ ਕਿਥੇ ਐਂ ਤੂੰ। ਕਾਗ਼ਜ਼ ਲਿਆ। ਮੈਂ ਸੁਰਿੰਦਰ ਸੋਹਲ ਦੀਆਂ ਗ਼ਜ਼ਲਾਂ ‘ਅੱਜ ਦੀ ਆਵਾਜ਼’ ਵਿਚ ਭੇਜਣੀਆਂ। ਉਹਦੇ ਬਾਰੇ ਪੰਜ ਸੱਤ ਸਤਰਾਂ ਵੀ ਲਿਖਣੀਆਂ। ਮੈਂ ਬੋਲੀ ਜਾਨਾਂ ਤੂੰ ਟਾਈਪ ਕਰੀ ਚੱਲ। ਨਾਲੇ ਛੇਤੀ ਉਹਦੀ ਫੋਟੋ ਪੈਦਾ ਕਰਕੇ ਦ੍ਹੇ।’
ਤੇ ਕੰਵਰ ਇਮਤਿਆਜ਼ ਨੇ ਇਹ ਟਿੱਪਣੀ ਲਿਖੀ-

ਸੂਰਜਾਂ ਦੇ ਸ਼ਹਿਰ ‘ਚ-ਸੁਰਿੰਦਰ ਸੋਹਲ

‘ਦਾਗ਼ ਦਹਿਲਵੀ ਗ਼ਜ਼ਲ ਸਕੂਲ ਦਾ ਲਟ ਲਟ ਬਲਦਾ ਦੀਪਕ ਸੁਰਿੰਦਰ ਸੋਹਲ। ਉਹ ਆਪਣੇ ਬੋਲਾਂ ਨੂੰ ਸਰਗਮ ਦਾ ਲਿਬਾਸ ਪਹਿਨਾ ਕੇ ਅੱਕ ਫੰਬੀਆਂ ਦੀ ਜੂਨੇ ਪਾਉਣ ਦੇ ਸਮਰੱਥ ਹੈ। ਉਸਦੇ ਬੋਲਾਂ ਦੀ ਕੰਙਣੀ ਏਧਰ ਓਧਰ ਦੇਸ਼-ਵਿਦੇਸ਼ ਵਿਚ ਖਿੱਲਰ ਰਹੀ ਹੈ। ਉਸਦਾ ਕਾਵਿ ਨਵੇਂ ਤਜਰਬਿਆਂ ਵਿਚ ਡੂੰਘਾ ਲਹਿੰਦਾ ਜਾ ਰਿਹਾ ਹੈ, ਜਿੱਥੇ ਕਵਿਤਾ ਦੇ ਅਰਥ ਪਤਲੀਆਂ ਪਰਤਾਂ ਵਿਚ ਵਿਕੇਂਦ੍ਰਿਤ ਹੋ ਕੇ ਹਰ ਪਾਠਕ ਨੂੰ ਨਵ-ਮੰਡਲ ਦਾ ਅਨੁਭਵ ਕਰਵਾਉਂਦੇ ਹਨ। ਉਹ ਸ਼ਬਦ ਨੂੰ ਮੁਰਗਾਬੀ ਬਣਾ ਕੇ ਅਨੁਭਵ ਦੇ ਪਾਣੀਆਂ ‘ਤੇ ਤਰਨ ਲਈ ਆਜ਼ਾਦ ਛੱਡ ਦਿੰਦਾ ਹੈ, ਪਰ ਸ਼ਬਦ ਨੀਲਮ ਬਣ ਕੇ ਵਾਪਸ ਉਸ ਕੋਲ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਉਸਦੇ ਸ਼ਬਦ ਹਰ ਸਾਹ ਨਾਲ ਨਵ-ਜੂਨ ਆਉਂਦੇ ਤੇ ਨਵ-ਅਰਥ ਪ੍ਰਦਾਨ ਕਰਦੇ ਹਨ। ਸੁਰਿੰਦਰ ਸੋਹਲ ਅਰੂਜ਼ ਦੀ ਤੱਕੜੀ ਵਿਚ ਬੈਠਾ ਸ਼ਬਦ ਸਮੁੱਚਤਾ ਦੀ ਪਰਵਾਜ਼ ਨੂੰ ਨਾਪਦਾ ਹੈ। ਇਹੀ ਪਰਮਾਣ ਉਸਨੂੰ ਗ਼ਜ਼ਲ ਦੇ ਉੱਚ ਘਰਾਣੇ ਨਾਲ ਜੋੜਦਾ ਹੈ।’
-ਕੰਵਰ ਇਮਤਿਆਜ਼

ਕਿੰਨੇ ਇਤਫ਼ਾਕ ਦੀ ਗੱਲ ਹੈ, ਜਦੋਂ ਕਈ ਸਾਲਾਂ ਬਾਦ ਮੇਰੀ ਕਿਤਾਬ ‘ਚਿਹਰੇ ਦੀ ਤਲਾਸ਼’ ਛਪੀ ਤਾਂ ਇਸ ਦੇ ਟਾਈਟਲ ਦੇ ਉੱਡ ਰਹੇ ‘ਅੱਕ ਫੰਬਿਆਂ’ ਦੀ ਹੀ ਤਸਵੀਰ ਸੀ, ਜਿਵੇਂ ਚਿੱਤਰਕਾਰ ਦੇ ਦਿਲ ਦੀਆਂ ਤਾਰਾਂ ਕੰਵਰ ਇਮਤਿਆਜ਼ ਦੇ ਸ਼ਬਦਾਂ ਨਾਲ ਜੁੜ ਚੁੱਕੀਆਂ ਹੋਣ।

ਸੋਢੀ ਸੁਲਤਾਨ ਸਿੰਘ ਨੇ ਮੈਨੂੰ ਕਿਹਾ ਸੀ, ‘ਮੇਰੇ ਕੋਲ ਘਰ ਐ ਨੰਬਰ, ਕੱਲ੍ਹ ਨੂੰ ਲਿਆਊਂਗਾ।’

ਸੁਰਜੀਤ ਸਾਜਨ ਨੇ ਮੈਨੂੰ ਜੰਗ ਬਹਾਦਰ ਸਿੰਘ ਦਾ ਪਰਚਾ ‘ਸੁਬਾਸਕ’ ਭੇਜਿਆ। ਉਸ ਵਿਚ ਸੁਲੱਖਣ ਸਰੱਹਦੀ ਦੀ ਗ਼ਜ਼ਲ ਦਾ ਮਤਲਾ ਸੀ-

ਪਹਿਲਾਂ ਕਰਨ ਹਲਾਲ ਤੇ ਮਗਰੋਂ ਝਟਕਣ ਮੱਛਲੀ ਨੂੰ।
ਖਾਣ ਤੋਂ ਪਹਿਲਾਂ ਆਪਣੇ ਮਜ਼੍ਹਬ ‘ਚ ਰੰਗਣ ਮੱਛਲੀ ਨੂੰ।

ਕਿੱਤੇ ਵਜੋਂ ਮੈਂ ਗੈਸ-ਸਟੇਸ਼ਨਾਂ ਉੱਪਰ ‘ਕੋਲਡ ਸੈਂਡਵਿਚ’ ਸਪਲਾਈ ਕਰਦਾ ਹਾਂ। ਉਹਨਾਂ ਵਿਚ ਚਿੱਕਨ, ਹੈਮ, ਟੂਨਾ-ਫਿਸ਼ ਦੇ ਸੈਂਡਵਿਚ ਹੁੰਦੇ ਹਨ। ਗੈਸ-ਸਟੇਸ਼ਨਾਂ ਉਪਰ ਭਾਰਤੀ ਪੰਜਾਬੀ ਜਾਂ ਪਾਕਿਸਤਾਨੀ ਪੰਜਾਬੀ ਕੰਮ ਕਰਦੇ ਹਨ। ਉਹ ਕਈ ਵਾਰ ਪੁੱਛਦੇ ਹਨ-ਭਾਜੀ ਕੋਈ ਸੈਂਡਵਿਚ ਦੇ ਦਿਉ, ਭੁੱਖ ਲੱਗੀ ਐ, ਅੱਜ ਡਬਲ ਡਿਊਟੀ ਐ।’

ਮੈਂ ਚਿਕਨ ਸੈਂਡਵਿਚ ਦਿਆਂ ਤਾਂ ਪੁੱਛਣਗੇ, ‘ਹਲਾਲ ਐ।’
‘ਪਤਾ ਨਹੀਂ।’
‘ਅੱਛਾ ਟੂਨਾ-ਫਿਸ਼ ਦੇ ਦਿਉ।’
‘ਕਿਉਂ ਉਹ ਹਲਾਲ ਕੀਤੀ ਹੁੰਦੀ ਐ।’

ਮੁਸਲਮਾਨ ਕਹੇਗਾ, ‘ਜਨਾਬ ਮੱਛਲੀ ਹਮੇਸ਼ਾ ਹੀ ਹਲਾਲ ਹੁੰਦੀ ਐ। ਅੱਲਾ ਤਾਅਲਾ ਨੇ ਇਸਨੂੰ ਪਾਣੀ ਵਿਚ ਜਿਊਂਦੇ ਰਹਿਣ ਦੀ ਤੌਫ਼ੀਕ ਬਖਸ਼ੀ ਹੈ। ਇਹ ਪਾਕ ਹੁੰਦੀ ਹੈ। ਹਮੇਸ਼ਾ ਹਲਾਲ। ਪਾਣੀ ‘ਚੋਂ ਕੱਢਦੇ ਸਾਰ ਹੀ ਮਰ ਜਾਂਦੀ ਐ। ਪਕਾ ਲਓ ‘ਤੇ ਖਾ ਲਓ। ਸਿਰਫ਼ ਜਾਨਵਰ ਨੂੰ ਹੀ ਹਲਾਲ ਕੀਤਾ ਜਾਂਦੈ।’

ਸ਼ਿਅਰ ਪੜ੍ਹ ਕੇ ਮੈਨੂੰ ਲੱਗਾ, ਹੋ ਸਕਦਾ ਹੈ ਸਰਹੱਦੀ ਸਾਹਿਬ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਮੱਛਲੀ ਨੂੰ ਆਪਣੇ ਮਜ਼ਹਬ ਵਿਚ ਰੰਗਣ ਲਈ ਇਸਨੂੰ ਹਲਾਲ ਕੀਤਾ ਜਾਂ ਝਟਕਾਇਆ ਨਹੀਂ ਜਾਂਦਾ। ਇਸ ਕਰਕੇ ਇਹ ਸ਼ਿਅਰ ਵਿਚ ਗ਼ਲਤੀ ਖਾ ਗਏ ਹੋਣ। ਫਿਰ ਮੈਂ ਸੋਚਣ ਲੱਗਾ ਕਿ ਕਵਿਤਾ ਵਿਚ ਕਹੀ ਗਈ ਗੱਲ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਉਸਦੇ ਸ਼ਾਬਦਿਕ ਪੱਧਰ ‘ਤੇ ਅਰਥ ਕੱਢ ਲਏ ਜਾਣ। ਇਥੇ ਇਹ ਵੀ ਦੇਖਣਾ ਬਣਦਾ ਹੈ ਕਿ ਮੱਛਲੀ ਕਿਹੜੇ ਅਰਥਾਂ ਵਿਚ ਆਈ ਹੈ। ਫਿਰ ਮੈਂ ਸੋਚਿਆ ਕਿਉਂ ਨਾ ਇਹਨਾਂ ਵਿਚਾਰਾਂ ਨੂੰ ‘ਸੁਬਾਸਕ’ ਵਿਚ ਛਪਣ ਲਈ ਭੇਜ ਦਿਆਂ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਘੱਟੋ-ਘੱਟ ਇਹ ਤਾਂ ਪਤਾ ਲੱਗੇਗਾ ਕਿ ਮੱਛਲੀ ‘ਹਲਾਲ’ ਜਾਂ ‘ਹਰਾਮ’ ਤੋਂ ਉੱਚੀ ਹੁੰਦੀ ਹੈ।

ਸੁਲੱਖਣ ਸਰਹੱਦੀ ਨੇ ‘ਚਿਰਾਗ਼’ ਮੈਗਜ਼ੀਨ ਵਿਚ ਮੇਰੀ ਕਿਤਾਬ ਦਾ ਰਿਵਿਊ ਕਰਦਿਆਂ ‘ਮੱਛੀਓ ਮਾਸ’ ਕਰ ਦਿੱਤਾ ਸੀ। ਮੈਂ ਸੋਚਿਆ, ਜੇ ਮੈਂ ਇਹ ਗੱਲਾਂ ਲਿਖਾਂਗਾ ਤਾਂ ਹੋ ਸਕਦਾ ਹੈ ਸਰਹੱਦੀ ਹੋਰਾਂ ਦੇ ਦਿਲ ਵਿਚ ਆ ਜਾਵੇ ਕਿ ਮੈਂ ਸ਼ਾਇਦ ਬਦਲੇ ਦੀ ਭਾਵਨਾ ਨਾਲ ਲਿਖ ਰਿਹਾ ਹਾਂ। ਮੈਂ ਇਹ ਵਿਚਾਰ ਛੱਡ ਦਿੱਤਾ, ਪਰ ਗੱਲਾਂ ਸਾਂਝੀਆਂ ਕਰਨ ਲਈ ਸੁਰਜੀਤ ਸਾਜਨ ਨੂੰ ਫੋਨ ਕੀਤਾ। ਸੁਰਜੀਤ ਸਾਜਨ ਮੇਰਾ ਗੁਰਭਾਈ ਹੈ, ਉਲਫ਼ਤ ਬਾਜਵਾ ਹੋਰਾਂ ਦਾ ਚੇਲਾ।

ਮੈਂ ਅਜੇ ‘ਹਾਂ ਬਈ ਸਾਜਨ ਕਿੱਦਾਂ?’ ਹੀ ਕਿਹਾ, ਉਹ ਝੱਟ ਬੋਲ ਪਿਆ, ‘ਬੜੀ ਟਰੈਜਿਡੀ ਹੋ ਗਈ ਯਾਰ। ਕੰਵਰ ਇਮਤਿਆਜ਼ ਪੂਰਾ ਹੋ ਗਿਆ।

‘ਕਦੋਂ?’ ਮੇਰੇ ਹੱਥੋਂ ਫੋਨ ਹਿਲ ਗਿਆ।

‘ਜਿੱਦਣ ਸੋਢੀ ਨੇ ਉਹਨੂੰ ਫੋਨ ਕੀਤਾ। ਓਸੇ ਰਾਤ। ਉਹ ਜਲੰਧਰੋਂ ਆਇਆ। ਸਾਢੇ ਕੁ ਨੌਂ ਵਜੇ ਰੋਟੀ ਖਾਧੀ। ਫਿਰ ਕਹਿੰਦਾ ਮੇਰਾ ਦਿਲ ਘਬਰਾ ਰਿਹਾ। ਮੁੰਡੇ ਨੇ ਕਿਹਾ-ਚਲੋ ਡਾਕਟਰ ਦੇ ਚਲਦੇ ਆਂ। ਕਹਿਣ ਲੱਗਾ-ਮੈਂ ਰਿਟਾਇਰ ਵੀ ਹੋ ਗਿਆਂ। ਤੇਰੀ ਘਰ ਵਾਲੀ ਦੀ ਬਦਲੀ ਵੀ ਕਰਵਾ ਦਿੱਤੀ ਐ। ਬੇਟੀ ਸਨੋਬਰ ਦਾ ਵਿਆਹ ਵੀ ਕਰ ਲਿਆ। ਮੈਨੂੰ ਲਗਦੈ ਸਾਰੀਆਂ ਜ਼ਿੰਮੇਵਾਰੀਆਂ ਮੈਂ ਨਿਬਾਹ ਲਈਆਂ। ਹੁਣ ਮੈਨੂੰ ਜਾਣਾ ਚਾਹੀਦਾ ਹੈ। ਮੁੰਡਾ ਕਹਿੰਦਾ-ਡੈਡੀ ਏਦਾਂ ਦੀਆਂ ਗੱਲਾਂ ਨਾ ਕਰੋ। ਥੋੜ੍ਹੀ ਦੇਰ ਬਾਦ ਮੁੰਡੇ ਦਾ ਮੂੰਹ ਬੂਹੇ ਵੱਲ ਘੁੰਮਾ ਕੇ ਕਹਿਣ ਲੱਗਾ-ਔਹ ਦੇਖ ਦਰਵਾਜ਼ੇ ਵੱਲ। ਮੈਨੂੰ ਲੈਣ ਆ ਗਏ ਐ। ਹੁਣ ਜਾ ਲੈਣ ਦਿਉ। ਥੋੜ੍ਹਾ ਜਿਹਾ ਤੜਪਿਆ ਤੇ ਬਸ। ਕਾਰ ਵਿਚ ਪਾ ਕੇ ਸ਼ਹਿਰ ਲੈ ਕੇ ਗਏ। ਡਾਕਟਰ ਨੇ ਕਾਰ ਵਿਚ ਹੀ ਚੈਕ ਕਰਕੇ ਵਾਪਸ ਭੇਜ ਦਿੱਤਾ। ਉਨਾਹਟ ਸਾਲ ਕੋਈ ਉਮਰ ਹੁੰਦੀ ਐ ਯਾਰ।’

ਮੈਂ ਸਾਰੀ ਉਮਰ ਅਜਿਹੀਆਂ ਗੱਲਾਂ ‘ਤੇ ਯਕੀਨ ਨਹੀਂ ਕੀਤਾ। ਹੁਣ ਵੀ ਨਹੀਂ ਕਰ ਰਿਹਾ। ਇਹਨਾਂ ਗੱਲਾਂ ਦੇ ਵਿਗਿਆਨਕ ਕਾਰਨ ਜਾਨਣ ਲਈ ਕੋਸ਼ਿਸ਼ ਵਿਚ ਹਾਂ। ਸ਼ਾਇਦ ਦਿਮਾਗ਼ ਨੂੰ ਆਕਸੀਜ਼ਨ ਜਾਣੀ ਘਟ ਗਈ ਹੋਵੇ ਤੇ ਇਸ ਤਰ੍ਹਾਂ ਦੇ ਬਿੰਬ-ਪ੍ਰਤੀਬਿੰਬ ਦਿਮਾਗ਼ ਵਿਚ ਬਣਨ ਲੱਗ ਪਏ ਹੋਣ। ਪਰ ਸੋਢੀ ਸੁਲਤਾਨ ਸਿੰਘ ਦਾ ਫੋਨ ਕੱਟਣ ਵੇਲੇ ‘ਹੁਣ ਰੁਖਸਤੀ ਦੇਣਾ’ ਦੇ ਕੀ ਅਰਥ ਹਨ। ਇਹ ਵੀ ਤਾਂ ਸੱਚ ਹੈ ਜਦੋਂ ਮੈਂ ਸੋਢੀ ਸੁਲਤਾਨ ਸਿੰਘ ਤੋਂ ਕੰਵਰ ਇਮਤਿਆਜ਼ ਦਾ ਫੋਨ ਨੰਬਰ ਮੰਗ ਰਿਹਾ ਸਾਂ, ਉਸ ਵੇਲੇ ਉਸਨੂੰ ਸਪੁਰਦੇ ਖ਼ਾਕ ਕਰਨ ਲਈ ਤਿਆਰੀ ਕੀਤੀ ਜਾ ਰਹੀ ਸੀ…।
****
(20 ਜਨਵਰੀ  2008)

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: