ਪਾਸ਼ ਸਮਾਗਮ ਦੀ ਰਿਪੋਰਟ

ਮਾਓਵਾਦ ਦਾ ਮੁੱਖ ਕਾਰਨ ਪੂੰਜੀਵਾਦ: ਡਾ. ਨਵਲੱਖਾ

September – 13 – 2010

ਪਾਸ਼ ਦੀ ਯਾਦ ਵਿੱਚ ਸਮਾਗਮ

ਪੱਤਰ ਪ੍ਰੇਰਕ
ਜਲੰਧਰ, 12 ਸਤੰਬਰ

ਮੌਜੂਦਾ ਸਮੇਂ ਦੌਰਾਨ ਦੇਸ਼ ਵਿਚ ਫੈਲ ਰਹੇ ਮਾਓਵਾਦ ਦਾ ਮੁੱਖ ਕਾਰਨ ਵਿਨਾਸ਼ਕਾਰੀ ਪੂੰਜੀਵਾਦ ਹੈ ਤੇ ਸਫਲ ਸਰਕਾਰਾਂ ਆਮ ਲੋਕਾਂ ਦੇ ਅਧਿਕਾਰ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਾਇਮ ਰੱਖਣ ਵਿਚ ਅਸਫਲ ਸਾਬਤ ਹੋਈਆਂ ਹਨ। ਕੇਂਦਰ ਸਰਕਾਰ ਵੱਲੋਂ ਆਰਥਿਕ ਵਿਕਾਸ ਦੇ ਨਾਂ ’ਤੇ ਕਈ ਪੁਸ਼ਤਾਂ ਤੋਂ ਜੰਗਲਾਂ ਵਿਚ ਰਹਿ ਰਹੇ ਆਦਿਵਾਸੀਆਂ ਨੂੰ ਉਜਾੜਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਹਮਦਰਦੀ ਮਾਓਵਾਦੀਆਂ ਨਾਲ ਜੁੜੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ ਯੂਨੀਅਨ ਫਾਰ ਰਾਈਟਸ (ਪੀ.ਯੂ.ਡੀ.ਆਰ.) ਤੇ ਇਕਨੌਮਿਕ ਐਂਡ ਪੋਲੀਟੀਕਲ ਵੀਕਲੀ ਪੱਤ੍ਰਿਕਾ ਦੇ ਪ੍ਰਮੁੱਖ ਸਲਾਹਕਾਰ ਡਾ. ਗੌਤਮ ਨਵਲੱਖਾ ਨੇ ਅੱਜ ਇਥੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਕਰਵਾਏ ਗਏ 22ਵੇਂ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਪਹੁੰਚੇ ਹੋਏ ਸਨ।
ਡਾ. ਨਵਲੱਖਾ ਨੇ ਕਿਹਾ ਕਿ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹੀ ਆਜ਼ਾਦੀ ਦੇ 63 ਸਾਲਾਂ ਬਾਅਦ ਵੀ ਲੋਕਾਂ ਨੂੰ ਆਪਣੇ ਅਧਿਕਾਰਾਂ ਲਈ ਅੰਦੋਲਨ ਤੇ ਸੰਘਰਸ਼ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਆਪਣੀ ਮਜ਼ਬੂਤ ਆਰਥਿਕਤਾ ਦੱਸਣ ਲਈ ਅਤੇ ਵਿਸ਼ਵ ਸ਼ਕਤੀ ਬਣਨ ਲਈ ਆਪਣੇ ਕਰੋੜਾਂ ਦੇਸ਼ ਵਾਸੀਆਂ ਨੂੰ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਮਸਾਂ ਨਸੀਬ ਹੁੰਦੀ ਹੈ, ਉਜਾੜਨ ’ਤੇ ਤੁਲੀ ਹੋਈ ਹੈ। ਦੇਸ਼ ਵਿਚਲੇ ਮਾਓਵਾਦੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਹਥਿਆਰ ਚੁੱਕਣ ਉਤੇ ਮਜਬੂਰ ਕਰ ਰਹੀ ਹੈ ਅਤੇ ਆਰਥਿਕ ਵਿਕਾਸ ਦੇ ਨਾਂ ’ਤੇ ਦੇਸੀ ਤੇ ਵਿਦੇਸ਼ੀ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀਆਂ ਜ਼ਮੀਨਾਂ ਵਿਚ ਦੱਬੇ ਖਣਿਜ ਪਦਾਰਥਾਂ ਨੂੰ ਖੋਹ ਰਹੀ ਹੈ।
ਉਨ੍ਹਾਂ ਕਿਹਾ ਕਿ ਆਦਿਵਾਸੀ ਲੋਕਾਂ ਨੂੰ ਉਥੋਂ ਮਿਲਣ ਵਾਲੇ ਖਣਿਜ ਪਦਾਰਥਾਂ ਵਿਚ ਹਿੱਸੇਦਾਰ ਬਣਾਉਣ ਦੀ ਥਾਂ ਉਨ੍ਹਾਂ ਨੂੰ ਉਥੋਂ ਕੱਢਣ ਲਈ ਬਾਰੂਦ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜੰਗਲਾਂ ਦੀ ਧੜਾਧੜ ਕਟਾਈ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਡਾ. ਨਵਲੱਖਾ ਜਿਹੜੇ ਕਿ ਖੁਦ ਬਸਤਰ ਦੇ ਜੰਗਲਾਂ ਵਿਚ ਜਾ ਕੇ ਆਦਿਵਾਸੀ ਖੇਤਰ ਦੀਆਂ ਹਕੀਕਤਾਂ ਦਾ ਅਧਿਐਨ ਕਰਕੇ ਆਏ ਹਨ, ਨੇ ਕਿਹਾ ਕਿ ਮਾਓਵਾਦ ਦਾ ਮੁੱਖ ਕਾਰਨ ਦੇਸੀ-ਵਿਦੇਸ਼ੀ ਕੰਪਨੀਆਂ ਦੀਆਂ ਝੋਲੀਆਂ ਭਰਨ ਲਈ ਆਦਿਵਾਸੀ ਖੇਤਰ ਦੇ ਜੰਗਲ, ਜ਼ਮੀਨ ਅਤੇ ਖਣਿਜ ਪਦਾਰਥਾਂ ਨੂੰ ਹੜੱਪ ਕਰਨਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ 80 ਫੀਸਦੀ ਲੋਕ 20 ਰੁਪਏ ਪ੍ਰਤੀ ਦਿਨ ਨਾਲ ਗੁਜ਼ਾਰਾ ਕਰ ਰਹੇ ਹਨ, ਜਦਕਿ ਇਸ ਦੇ ਮੁਕਾਬਲੇ ਦੇਸ਼ ਦੇ 100 ਪੂੰਜੀਪਤੀ ਪਰਿਵਾਰਾਂ ਲੋਕਾਂ ਦੇਸ਼ ਦੇ ਕੁੱਲ ਉਤਪਾਦਨ ਦਾ 25 ਫੀਸਦੀ ਹਿੱਸਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨ ਦਾ ਦਮ ਭਰਨ ਵਾਲੇ ਭਾਰਤੀ ਹਾਕਮਾਂ ਵਿਰੁੱਧ ਉਠ ਖੜੇ ਹੋਈਏ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸਰਕਾਰ ਦਾ ਵਿਸ਼ਵਾਸ ਜਿੱਤਣ ਵਿਚ ਨਾਕਾਮ ਰਹੀ ਹੈ, ਜਿਸ ਕਾਰਨ ਉਥੋਂ ਦੇ ਲੋਕ ਸੁਰੱਖਿਆ ਬਲਾਂ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਇਨਕਲਾਬੀ ਸ਼ਾਇਰ ਪਾਸ਼ ਦੀ ਕਵਿਤਾ ਦੇ ਸੰਦਰਭ ਵਿਚ ਬੋਲਦਿਆਂ ਡਾ. ਨਵਲੱਖਾ ਨੇ ਕਿਹਾ ਕਿ ਪਾਸ਼ ਦੀ ਕਵਿਤਾ ਲੋਕਾਂ ਨੂੰ ਆਪਣਾ ਹੱਕ ਲੈਣ ਲਈ ਇਨਕਲਾਬ ਦਾ ਰਸਤਾ ਅਖਤਿਆਰ ਕਰਨ ਲਈ ਪ੍ਰੇਰਦੀ ਹੈ।
ਅੱਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਗੰਧਰਵ ਸੈਨ ਕੋਛੜ ਤੇ ਮੌਜੂਦਾ ਜਨਰਲ ਸਕੱਤਰ ਕਾਮਰੇਡ ਨੌਨਿਹਾਲ ਸਿੰਘ, ਉੱਘੇ ਨਾਟਕਕਾਰ ਪ੍ਰੋ. ਅਜਮੇਰ ਔਲਖ, ਪ੍ਰੋ. ਏ.ਕੇ. ਮਲੇਰੀ, ਕਹਾਣੀਕਾਰ ਅਤਰਜੀਤ ਅਤੇ ਡਾ. ਪਰਮਿੰਦਰ ਨੇ ਕੀਤੀ, ਜਿਸ ਦੇ ਪਹਿਲੇ ਸੈਸ਼ਨ ਵਿਚ ਬੋਲਦਿਆਂ ਡਾ. ਪਰਮਿੰਦਰ ਨੇ ਕਿਹਾ ਕਿ ਪਾਸ਼ ਸਿਰਫ ਕਵੀ ਨਹੀਂ ਸੀ, ਉਹ ਦੇਸ਼ ਦੀ ਜਮਹੂਰੀ ਇਨਕਲਾਬੀ ਲਹਿਰ ਦਾ ਵੀ ਪ੍ਰਤੀਬੱਧਤ ਕਾਮਾ ਸੀ। ਕਾਮਰੇਡ ਨੌਨਿਹਾਲ ਸਿੰਘ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਸਮੁੱਚੀ ਲੋਕ-ਪੱਖੀ, ਅਗਾਂਹਵਧੂ, ਇਨਕਲਾਬੀ-ਜਮਹੂਰੀ ਲਹਿਰ ਨੂੰ ਆਦਿਵਾਸੀਆਂ ਦੇ ਹੱਕੀ ਸੰਗਰਾਮ ’ਚ ਮੋਢਾ ਲਾਉਣਾ ਚਾਹੀਦਾ ਹੈ।
ਇਸ ਮੌਕੇ ’ਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਸੁਰਿੰਦਰਜੀਤ ਕੌਰ, ਗਗਨਦੀਪ ਕੌਰ, ਬੀਬਾ ਕੁਲਵੰਤ, ਸਰਦਾਰ ਪੰਛੀ, ਹਰਭਜਨ ਹੁੰਦਲ, ਸੁਰਜੀਤ ਜੱਜ, ਤ੍ਰੈਲੋਚਨ ਲੋਚੀ, ਹਰਵਿੰਦਰ ਭੰਡਾਲ, ਰਾਜਵਿੰਦਰ ਮੀਰ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਅਖੀਰ ਵਿਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਕਾਮਰੇਡ ਗੁਰਮੀਤ ਨੇ ਕਵੀਆਂ ਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਹੈ। ਭਾਸ਼ਨ ਸੈਸ਼ਨ ਤੇ ਕਵੀ ਦਰਬਾਰ ਦਾ ਮੰਚ ਸੰਚਾਲਨ ਡਾ. ਪਰਮਿੰਦਰ ਤੇ ਜਗੀਰ ਜੋਸਨ ਨੇ ਕੀਤਾ। ਫੁਲਵਾੜੀ ਕੇਂਦਰ ਲੋਹੀਆਂ ਦੀਆਂ ਬੱਚੀਆਂ ਨੇ ਸਮੂਹ ਗਾਇਨ ਪੇਸ਼ ਕੀਤਾ। ਇਸ ਮੌਕੇ ’ਤੇ ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਸੁਰਿੰਦਰ ਧੰਜਲ ਅਤੇ ਹੋਰ ਜਮਹੂਰੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

Punjabi Tribune 13.09.2010

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: