ਡਾ. ਬਲਦੇਵ ਸਿੰਘ ਧਾਲੀਵਾਲ ਦੀ ਪਾਸ਼ ਬਾਰੇ ਕਵਿਤਾ

 

ਮੈਂ ਟੱਬਰ ਤੋਂ ਸਿਆਸਤ ਵੱਲ ਵਧਦਾ ਹਾਂ
ਤਾਂ ਅੱਗੇ ਮਲੂਕ ਜਿਹਾ ਮੂੰਹ ਲੈ ਕੇ ਬੀਵੀ ਖੜ੍ਹੀ ਹੈ
ਮਾਂ ਦਾ ਚਿਹਰਾ ਚਿੰਤਾਵਾਨ ਹੈ
ਕਿ ਕਿਤੇ ਮੇਰਾ ਪੁੱਤਰ
ਚੌਥੇ ਰਾਹ ਨਾ ਤੁਰ ਪਵੇ
ਚੌਥਾ ਰਾਹ ਜੋ ਭਗਤ ਸਿੰਘ ਤੇ ਪਾਸ਼ ਦਾ ਰਾਹ ਹੈ
ਹੱਕ ਦਾ ਰਾਹ ਹੈ, ਸੱਚ ਦਾ ਰਾਹ ਹੈ।
ਇਕ ਨਾ ਇਕ ਦਿਨ
ਇਹ ਚੌਰਸਤਾ ਮੈਂ ਲੰਘਾਂਗਾ
ਹਾਲੇ ਤਾਂ ਘਰ ਦੀਆਂ ਨੀਹਾਂ ਵਿਚ
ਹੀ ਸੁੱਤਾ ਹਾਂ
ਪਰ ਕਦੇ ਕਦੇ ਸਰਦਲ ਵੱਲ ਨੂੰ ਤੱਕ ਲੈਂਦਾ ਹਾਂ
ਜੀਣ ਜਿਹਾ ਬੱਸ ਹੋ ਜਾਂਦਾ ਹੈ।

——————————————–

ਅਮਰੀਕਾ ਦਾ ਰਾਜਸਥਾਨਮੈਂ ਸਿ਼ਕਾਗੋ ਨੂੰ ਪੱਤ ਪੱਤ ਕਰਕੇ ਵੇਖ ਚੁੱਕਿਆ ਸਾਂ। ਹੁਣ ਲਾਸ ਏਂਜਲਸ ਜਾਣ ਦੀ ਕਾਹਲ ਸੀ। ਯੂਨੀਵਰਸਲ ਸਟੂਡੀਓ ਅਤੇ ਡਿਜ਼ਨੀਲੈਂਡ ਵੇਖਣ ਦੀ ਲੋਚਾ ਤੁਣਕੇ ਮਾਰ ਰਹੀ ਸੀ। ਉੱਡਣ ਲਈ ਤਰਲੋਮੱਛੀ ਹੋ ਰਿਹਾ ਸਾਂ ਪਰ ਟਰੈਵਲ ਏਜੰਟ ਦੇ ਇਕੋ ਬੋਲ ਨਾਲ ਹੀ ਮੇਰੇ ਮੋਮ ਦੇ ਖੰਭ ਪਿਘਲ ਗਏ ਅਤੇ ਮੈਂ ਮੂੰਹ ਭਾਰ ਧਰਤੀ ਉਤੇ ਆ ਡਿੱਗਾ।
‘ਜੇ ਕੱਲ੍ਹ ਦੀ ਫਲਾਈਟ ਲੈਣੀ ਹੈ ਤਾਂ ਸੱਤ ਸੌ ਡਾਲਰ ਦੀ ਟਿਕਟ ਹੈ।’ ਉਸ ਬੇਧਿਆਨੀ ਨਾਲ ਦੱਸਿਆ ਸੀ। ਮੇਰੇ ਕੋਲ ਤਾਂ ਕੁਲ ਰਾਸ਼ੀ ਹੀ ਮਸਾਂ ਏਨੀ ਕੁ ਸੀ ਅਤੇ ਪਿੱਛੇ ਰਹਿ ਜਾਣਾ ਸੀ ਠੁਣ-ਠੁਣ ਗੋਪਾਲ। ਮੇਰੇ ’ਚ ਕੁਝ ਵੀ ਹੋਰ ਪੁੱਛਣ ਦੀ ਹਿੰਮਤ ਨਹੀਂ ਸੀ। ਉਥੋਂ ਦਾ ਭੇਤੀ ਹੋਣ ਕਰਕੇ ਜੋਰੇ ਨੇ ਪੁੱਛਿਆ ‘ਸਸਤੀ ਕਦੋਂ ਦੀ ਮਿਲ ਸਕਦੀ ਹੈ ?’ ਉਸ ਨੇ ਕੰਪਿੳੂਟਰ ਤੋਂ ਸਾਰੀ ਸਥਿਤੀ ਵੇਖੀ ਅਤੇ ਹਫ਼ਤੇ ਬਾਅਦ ਆਉਣ ਵਾਲੇ ਐਤਵਾਰ ਦੀ ਟਿਕਟ ਇਕ ਸੌ ਸੱਤਰ ਡਾਲਰ ਦੀ ਬਣਾ ਦਿੱਤੀ। ਮੈਂ ਸ਼ੁਕਰ ਕੀਤਾ।
ਅਮਰੀਕਾ ਵਿਚ ਇਉਂ ਹੀ ਜਹਾਜ਼ ਦੀਆਂ ਟਿਕਟਾਂ ਵੱਧ-ਘੱਟ ਰੇਟ ਉਤੇ ਵਿਕਦੀਆਂ ਹਨ। ਜੇ ਆਪਣੀ ਸੁਵਿਧਾ ਅਨੁਸਾਰ ਮਨ-ਮਰਜ਼ੀ ਦਾ ਸਮਾਂ ਲੈਣਾ ਹੋਵੇ ਤਾਂ ਟਿਕਟ ਮਹਿੰਗੀ, ਜੇ ਉਨ੍ਹਾਂ ਅਨੁਸਾਰ ਕੋਈ ਬਚੀ-ਖੁਚੀ ਲੈਣੀ ਹੋਵੇ ਤਾਂ ਕੌਡੀਆਂ ਦੇ ਭਾਅ। ਮੁੱਲ ਸਮੇਂ ਦਾ ਹੈ।
ਲਾਸ ਏਂਜਲਸ ਦੇ ਹਵਾਈ ਅੱਡੇ ਤੋਂ ਲਿਜਾਣ ਵਾਸਤੇ ਫੇਰ ਕੋਈ ਨਹੀਂ ਸੀ ਮਿਲ ਰਿਹਾ। ਸਭ ਗਲ ਗਲ ਤੱਕ ਰੁਝੇਵੇਂ ’ਚ ਸਨ। ਅਖੀਰ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੇ ਹਾਮੀ ਭਰੀ। ਕੰਬੋਜ ਨਕੋਦਰ ਨੇੜਲੇ ਇਕ ਪਿੰਡ ਦਾ ਪੁਰਾਣਾ ਕਾਮਰੇਡ ਹੈ। ਨਕਸਲਬਾੜੀ ਲਹਿਰ ਨਾਲ ਜੁੜਿਆ ਰਿਹਾ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ’ਚੋਂ ਪੰਜਾਬੀ ਦੀ ਐਮ.ਏ. ਕਰਕੇ ਅਮਰੀਕਾ ਆਇਆ ਸੀ। ਉਹ ਡਾ. ਰਵਿੰਦਰ ਰਵੀ ਦਾ ਚੇਲਾ ਅਤੇ ਜਸਵਿੰਦਰ ਸਿੰਘ ਤੇ ਭੁਪਿੰਦਰ ਖਹਿਰੇ ਦਾ ਜਮਾਤੀ ਸੀ। ਸੋ ਯੂਨੀਵਰਸਿਟੀ ਦੀ ਸਾਂਝ ਨੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਪਹਿਲੀ ਵਾਰ ਮਿਲੇ ਸਾਂ।
ਉਸ ਦਾ ਸ਼ਹਿਰ ਇੰਡੀਓ ਭਾਵੇਂ ਲਾਸ ਏਂਜਲਸ ਤੋਂ ਤਿੰਨ-ਚਾਰ ਘੰਟੇ ਦਾ ਰਸਤਾ ਸੀ ਪਰ ਅਮਰੀਕਾ ਵਿਚ ਇੰਨੇ ਕੁ ਸਫ਼ਰ ਨੂੰ ਕੋਈ ਖਾਸ ਨਹੀਂ ਗਿਣਦਾ। ਇੰਨੇ ਸਮੇਂ ’ਚ ਤੇਜ਼-ਰਫ਼ਤਾਰ ਕਾਰ ਅੰਮ੍ਰਿਤਸਰੋਂ-ਦਿੱਲੀ ਜਿੰਨੀ ਦੂਰੀ ਮੁਕਾ ਲੈਂਦੀ ਹੈ। ਉਂਜ ਵੀ ਗੱਲਾਂ ’ਚ ਮਸਤ ਹੋਣ ਕਰਕੇ ਉਸ ਨੂੰ ਵਾਟ ਦਾ ਅਹਿਸਾਸ ਨਹੀਂ ਸੀ ਹੋ ਰਿਹਾ।
‘ਇਹ ਇੰਡੀਓ ਦਾ ਇਲਾਕਾ ਕੈਲੇਫੋਰਨੀਆ ਦੀ ਐਨ ਨੁੱਕਰ ਵਿਚ ਪੈਂਦਾ ਹੈ, ਕਦੇ ਕਦੇ ਕੋਈ ਹਿੰਮਤੀ ਲੇਖਕ ਹੀ ਏਧਰ ਗੇੜਾ ਮਾਰਦੈ। ਪਹਿਲਾਂ ਮੈਂ ਫਰਿਜ਼ਨੋ ਨੇੜੇ ਸੇਨਹੇਜ਼ ਰਹਿੰਦਾ ਸਾਂ ਤਾਂ ਬੜੇ ਪੰਜਾਬੀ ਲੇਖਕ ਮਿਲਦੇ ਸਨ, ਉਥੇ ਪਾਸ਼ ਤਾਂ ਮੇਰੇ ਨੇੜੇ ਹੀ ਰਹਿੰਦਾ ਸੀ, ਭਰਵੀਆਂ ਗੱਲਾਂ ਹੁੰਦੀਆਂ ਸਨ।’ ਕੰਬੋਜ ਦੀ ਹਰ ਗੱਲ ਵਿਚ ਪਾਸ਼ ਦੀ ਰੂਹ ਹਾਜ਼ਰ-ਨਾਜ਼ਰ ਦਿਸਦੀ ਸੀ। ਉਹ ਪਾਸ਼ ਦਾ ਸ਼ਰਧਾਲੂ ਜਾਪਦਾ ਸੀ। ‘ਬੜੇ ਵਧੀਆ ਦਿਨ ਸਨ ਉਹ ਵੀ, ਪਾਸ਼ ਨਾਲ ਰਹਿਣ ਦਾ ਬਹੁਤ ਲੁਤਫ਼ ਸੀ, ਐਵੇਂ ਉਹਨੇ ਭੰਗ ਦੇ ਭਾੜੇ ਜਾਨ ਗਵਾਈ, ਮੈਂ ਤਾਂ ਬਥੇਰਾ ਰੋਕਿਆ ਸੀ ਕਿ ਅਜੇ ਭਾਰਤ ਨਾ ਜਾਹ, ਅੱਤਵਾਦ ਦੀ ਗੱਲ ਕੁਝ ਠੰਡੀ ਪੈ ਜਾਣ ਦੇ, ਕੀ ਲੋੜ ਸੀ ਵਰ੍ਹਦੀਆਂ ਗੋਲੀਆਂ ’ਚ ਜਾਣ ਦੀ, ਮੈਂ ਤਾਂ ਸੋਚਦਾ ਹਾਂ ਕਿ ਏਧਰ ਆ ਕੇ ਮੈਂ ਚੰਗਾ ਹੀ ਕੀਤਾ। ਉਥੇ ਬੋਲੇ ਬਿਨਾਂ ਰਿਹਾ ਨੀਂ ਸੀ ਜਾਣਾ ਅਤੇ ਅਗਲਿਆਂ ਨੇ ਗੋਲ਼ੀ ਪਾਰ ਕਰ ਦੇਣੀ ਸੀ।’ ਇਉਂ ਅਜਾਈਂ ਗੋਲ਼ੀ ਨਾਲ ਭੁੰਨੇ ਜਾਣ ਦੇ ਅਹਿਸਾਸ ਨੇ ਕੰਬੋਜ ਦੇ ਭਲਵਾਨੀ ਜੁੱਸੇ ਵਿਚ ਥਿਰਕਣ ਜਿਹੀ ਪੈਦਾ ਕਰ ਦਿਤੀ।
‘ਵੀਰ ਗੱਲ ਐਡੀ ਮੌਤ ਦੀ ਵੀ ਨਹੀਂ ਸੀ, ਇਥੇ ਵੀ ਤਾਂ ਅਕਸਰ ਮਸ਼ੀਨਾਂ ’ਚ ਤਿਲ ਤਿਲ ਕਰਕੇ ਪੀੜੇ ਹੀ ਜਾਣਾ ਹੈ, ਪਰ ਐਵੇਂ ਅਜਾਈਂ ਕੁੱਤੇ ਦੀ ਮੌਤ ਮਰਨ ਲਈ ਮਨ ਨਹੀਂ ਸੀ ਕਰਦਾ। ਦਲੀਲ ਦੀ ਤਾਂ ਵੁੱਕਤ ਨਹੀਂ ਸੀ ਰਹੀ, ਏ.ਕੇ.ਸੰਤਾਲੀ ਹੀ ਆਪਣੀ ਭਾਸ਼ਾ ’ਚ ਗੱਲ ਕਰਦੀ ਸੀ। ਹਾਂ, ਕਿਤੇ ਕਿਤੇ ਇਸ ਗੱਲੋਂ ਪਛਤਾਵਾ ਜਿਹਾ ਹੁੰਦਾ ਐ, ਜਿਵੇਂ ਆਪਣੇ ਲੋਕਾਂ ਲਈ ਲੜਨ ਤੋਂ ਡਰਦੇ ਪਿੱਠ ਵਿਖਾ ਕੇ ਭੱਜ ਆਏ ਹੋਈਏ, ਲੜਨ-ਮਰਨ ਦਾ ਸੁਆਦ ਵੀ ਆਪਣੇ ਲੋਕਾਂ ’ਚ ਈ ਆਉਂਦੈ, ਬਿਗਾਨੇ ਮੁਲਕ ’ਚ ਕਾਹਦੇ ਸੰਘਰਸ਼ ਅਤੇ ਕਾਹਦੀਆਂ ਲੜਾਈਆਂ, ਇਥੇ ਤਾਂ ਖਪਤਕਾਰੀ ਦੇ ਹੜ੍ਹ ਵਿਚ ਕਾਮਰੇਡੀ ਵੀ ਰੁੜ੍ਹਦੀ ਜਾਪਦੀ ਐ, ਬੱਸ ਘਰਾਂ ਦੀਆਂ ਨੀਹਾਂ ’ਚ ਹੀ ਚਿਣੇ ਗਏ ਆਂ। ਮੈਂ ਤਾਂ ਇਸ ਬਾਰੇ ਇਕ ਕਵਿਤਾ ਵੀ ਲਿਖੀ ਸੀ, ਚੌਰਸਤਾ :
ਮੈਂ ਟੱਬਰ ਤੋਂ ਸਿਆਸਤ ਵੱਲ ਵਧਦਾ ਹਾਂ
ਤਾਂ ਅੱਗੇ ਮਲੂਕ ਜਿਹਾ ਮੂੰਹ ਲੈ ਕੇ ਬੀਵੀ ਖੜ੍ਹੀ ਹੈ
ਮਾਂ ਦਾ ਚਿਹਰਾ ਚਿੰਤਾਵਾਨ ਹੈ
ਕਿ ਕਿਤੇ ਮੇਰਾ ਪੁੱਤਰ
ਚੌਥੇ ਰਾਹ ਨਾ ਤੁਰ ਪਵੇ
ਚੌਥਾ ਰਾਹ ਜੋ ਭਗਤ ਸਿੰਘ ਤੇ ਪਾਸ਼ ਦਾ ਰਾਹ ਹੈ
ਹੱਕ ਦਾ ਰਾਹ ਹੈ, ਸੱਚ ਦਾ ਰਾਹ ਹੈ।
ਇਕ ਨਾ ਇਕ ਦਿਨ
ਇਹ ਚੌਰਸਤਾ ਮੈਂ ਲੰਘਾਂਗਾ
ਹਾਲੇ ਤਾਂ ਘਰ ਦੀਆਂ ਨੀਹਾਂ ਵਿਚ
ਹੀ ਸੁੱਤਾ ਹਾਂ
ਪਰ ਕਦੇ ਕਦੇ ਸਰਦਲ ਵੱਲ ਨੂੰ ਤੱਕ ਲੈਂਦਾ ਹਾਂ
ਜੀਣ ਜਿਹਾ ਬੱਸ ਹੋ ਜਾਂਦਾ ਹੈ।
‘ਸੱਚੀਂ ਵੀਰ ਤਰਲੇ ਨੇ ਇਹ ਤਾਂ ਜੀਣ ਦੇ, ਕੀ ਹੈ ਇਹ ਜਿ਼ੰਦਗੀ, ਪਾਸ਼ ਦੇ ਕਹਿਣ ਵਾਂਗ, ਘਰੋਂ ਦਫਤਰ ਤੇ ਦਫ਼ਤਰੋਂ ਘਰ, ਅੱਗੇ ਕਿਸੇ ਸਾਹਿਤ ਸਭਾ ਦੀ ਮੀਟਿੰਗ ਤੇ ਹੀ ਜਾ ਆਈਦਾ ਸੀ, ਹੁਣ ਜਦੋਂ ਦਾ ਆਪਣਾ ਗੈਸ ਸਟੇਸ਼ਨ ਲਿਐ, ਉਹ ਵੀ ਔਖਾ ਹੋ ਗਿਆ ਜਾਣਾ, ਮੁਲਾਜ਼ਮ ਰੱਖਣ ਦੀ ਅਜੇ ਹੈਸੀਅਤ ਨਹੀਂ ਤੇ ਸਰਦਾ ਹੈਨੀ, ਵਾਰੀ ਨਾਲ ਸਾਰਾ ਟੱਬਰ ਜਿੰਦ ਵੇਲਦੇ ਆਂ’, ਕੰਬੋਜ ਅੰਦਰੋਂ ਡੁਲ੍ਹਦਾ ਲਾਵਾ ਕਿਸੇ ਸੁੱਖੜ ਪਹਾੜ ਦਾ ਰੂਪ ਧਾਰਦਾ ਜਾਂਦਾ ਸੀ ਜਿਸਦੀ ਪੀੜ ਉਸ ਦੇ ਹਰੇਕ ਸ਼ਬਦ ’ਚੋਂ ਝਾਕ ਰਹੀ ਦਿਸਦੀ ਸੀ।
‘ਕਦੇ ਸੋਚਦੈਂ, ਬਈ ਚੰਗਾ ਈ ਹੋਇਆ ਜੇ ਨਹੀਂ ਜਾਇਆ ਜਾਂਦਾ ਸਭਾ ਦੀਆਂ ਮੀਟਿੰਗਾਂ ’ਤੇ, ਕੀ ਹੈ ਉਥੇ ਇਕ ਦੂਜੇ ਦੀਆਂ ਟੰਗਾਂ ਖਿੱਚਣ ਤੋਂ ਬਿਨਾਂ ? ਸਰਮਾਏਦਾਰੀ ਨੇ ਖਪਤਵਾਦ ਦੇ ਰੇਤੇ ਦਾ ਬੁੱਕ ਭਰ ਕੇ ਸਭ ਦੀਆਂ ਅੱਖਾਂ ’ਚ ਪਾ ਦਿੱਤਾ ਐ, ਹਰ ਕੋਈ ਨਿੱਜੀ-ਮੁਫ਼ਾਦਾਂ ਪਿੱਛੇ ਭੱਜਿਆ ਫਿਰਦੈ, ਕੋਈ ਕੁਮਿੱਟਮੈਂਟ ਤਾਂ ਰਹੀ ਨਹੀਂ, ਆਲੋਚਕ ਵੀ ਮੂੰਹ-ਮੁਲਾਹਜ਼ੇ ਪੂਰਦੇ ਐ, ਕੋਈ ਪੁੱਛ ਹੈ ਜੈਨੂਅਨ ਲੇਖਕ ਦੀ ? ਮੈਂ ਤੈਨੂੰ ਦੱਸਾਂ ਪਿੱਛੇ ਜਿਹੇ ਮੈਂ ਤੇ ਰਵਿੰਦਰ ਸਹਿਰਾਅ ਨੇ ਅਮਰੀਕਾ ’ਚ ਵਸਦੇ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਇਕ ਸੰਗ੍ਰਹਿ ਤਿਆਰ ਕੀਤਾ। ਉਹਦੇ ’ਚ ਮੇਰੀ ਤੇ ਮੇਰੀ ਪਤਨੀ ਨਵਦੀਪ ਦੀ ਵੀ ਇਕ ਇਕ ਕਵਿਤਾ ਛਪੀ ਸੀ ਤੇ ਨਾਲ ਤਸਵੀਰਾਂ ਵੀ। ਲਿਖਦੀ ਤਾਂ ਉਹ ਹਿੰਦੀ ’ਚ ਐ ਪਰ ਇਕ ਦੋ ਨਜ਼ਮਾਂ ਪੰਜਾਬੀ ’ਚ ਵੀ ਨੇ। ਪੰਜਾਬੀ ਦੇ ਦਿਲਫੈਂਕ ਲੇਖਕਾਂ ਦੀਆਂ ਵੀਹ-ਪੱਚੀ ਚਿੱਠੀਆਂ ਆਈਆਂ ਉਸ ਨੂੰ, ਮੈਨੂੰ ਇਕ ਵੀ ਨਹੀਂ ਪਾਈ ਕਿਸੇ ਭੜੂਏ ਨੇ। ਆਹ ਹੈ ‘ਕੁਮਿੱਟਮੈਂਟ’ ਪੰਜਾਬੀ ਲੇਖਕਾਂ ਦੀ’ ਕੰਬੋਜ ਦੀਆਂ ਲਟ ਲਟ ਬਲਦੀ ਮਸ਼ਾਲ ਵਰਗੀਆਂ ਗੱਲਾਂ ’ਚ ਖੁੱਭਣ ਕਰ ਕੇ ਇਉਂ ਜਾਪਿਆ ਜਿਵੇਂ ਘੰਟਿਆਂ ਦਾ ਸਫ਼ਰ ਪਲਾਂ ’ਚ ਮੁੱਕ ਗਿਆ ਹੋਵੇ। ਪੱਧਰੀ ਸੜਕ ਉਤੇ ਮੁਰਗਾਈ ਵਾਂਗ ਤਰਦੀ ਜਾਂਦੀ ਕਾਰ ਅਤੇ ਏ.ਸੀ. ਦੀ ਠੰਡਕ, ਕੀ ਔਖਾ ਸੀ ਸਫ਼ਰ ?
ਘਰ ਕੋਲ ਆ ਕੇ ਕਾਰ ਵਿਚੋਂ ਬਾਹਰ ਨਿਕਲੇ ਤਾਂ ਤੱਤੀ ਹਵਾ ਦਾ ਬੁੱਲਾ ਅੱਗੋਂ ਧੱਫੇ ਵਾਂਗ ਵੱਜਿਆ, ਜਿਵੇਂ ਜੇਠ-ਹਾੜ੍ਹ ਦੇ ਮਹੀਨੇ ਰਾਜਸਥਾਨ ਦੇ ਟਿੱਬਿਆਂ ਵਿਚਕਾਰ ਆ ਖੜ੍ਹੇ ਹੋਈਏ। ਸੱਚਮੁੱਚ ਇਹ ਇਲਾਕਾ ਅਮਰੀਕਾ ਦਾ ਮਾਰੂਥਲ (ਡੈਜ਼ਰਟ) ਹੀ ਅਖਵਾਉਂਦਾ ਹੈ। ਪਰ ਡਾਲਰਾਂ ਦੀ ਬਰਕਤ ਨੇ ਜੰਗਲ ’ਚ ਮੰਗਲ ਕਰ ਰੱਖਿਆ ਸੀ। ਰਾਹ ਵਿਚ ਵੀ ਸੜਕ ਦੁਆਲੇ ਵੱਡੇ ਵੱਡੇ ਗੋਲਫ਼ ਦੇ ਮੈਦਾਨ ਦਿਸਦੇ ਆਏ ਸਨ, ਜਿਹੜੇ ਟਿੱਬਿਆਂ ਉਤੇ ਹਰੇ-ਕਚੂਰ ਘਾਹ ਦੀਆਂ ਵਿਛੀਆਂ ਚਾਦਰਾਂ ਵਾਂਗ ਲਗਦੇ ਸਨ। ਜਦੋਂ ਕੰਬੋਜ ਨੇ ਦੱਸਿਆ ਸੀ ਕਿ ਇਹ ਇਲਾਕਾ ਟੂਰਿਸਟ ਪਲੇਸ ਹੈ ਤਾਂ ਮੈਨੂੰ ਅਚੰਭਾ ਹੋਇਆ ਸੀ। ਪਰ ਇਹ ਗੱਲ ਠੀਕ ਸੀ ਕਿ ਜਦ ਕੈਨੇਡਾ-ਅਮਰੀਕਾ ਦੇ ਬਰਫ਼ੀਲੇ ਇਲਾਕਿਆਂ ਵਿਚ ਕੜਾਕੇ ਦੀ ਠੰਡ ਪੈਂਦੀ ਹੈ ਤਾਂ ਇਥੇ ਬਹਾਰ ਵਰਗਾ ਮੌਸਮ ਹੁੰਦਾ ਹੈ, ਨਿੱਘਾ ਨਿੱਘਾ। ਉਦੋਂ ਐਕਟਰਾਂ, ਨੇਤਾਵਾਂ ਅਤੇ ਅਮੀਰ ਵਪਾਰੀਆਂ ਦਾ ਇਹ ਮਨ-ਭਾਉਂਦਾ ਇਲਾਕਾ ਬਣ ਜਾਂਦਾ ਹੈ, ਖੁੱਲ੍ਹਾ-ਡੁੱਲ੍ਹਾ ਅਤੇ ਸ਼ਹਿਰੀ ਭੱਜ-ਨੱਠ ਤੋਂ ਮੁਕਤ। ਜਿਵੇਂ ਸਾਡੇ ਅਮੀਰ ਠੰਡ ਵਾਸਤੇ ਕਸੌਲੀ, ਮਸੂਰੀ ਜਾਂ ਚੰਬੇ ਵੱਲ ਇਕ ਵਾਧੂ ਬੰਗਲਾ ਬਣਾ ਰਖਦੇ ਹਨ, ਉਵੇਂ ਇਥੇ ਨਿੱਘ ਵਾਸਤੇ ਬਣਾਉਂਦੇ ਹਨ। ਅਮਰੀਕਾ ਦੇ ਇਕ ਸਾਬਕਾ ਰਾਸ਼ਟਰਪਤੀ ਦਾ ਘਰ ਵੀ ਇਥੇ ਵੇਖਿਆ।

http://baldevsinghdhaliwal.com/home.php?p=motia_di_chog&page=28

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: