ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ-ਫ਼ਰਕ

 ਸ਼ਿਵ ਕੁਮਾਰ ਬਟਾਲਵੀ ਦੀ ਇਸ ਕਵਿਤਾ ਦਾ ਜ਼ਿਕਰ ਪਾਸ਼ ਨੇ ਸ਼ਿਵ ਬਾਰੇ ਲਿਖੇ ਲੇਖ ਵਿੱਚ ਵੀ ਕੀਤਾ ਹੈ। ਇਹ ਕਵਿਤਾ ਸਿਰਫ ਫੁਟਕਲ ਰਸਾਲਿਆਂ ‘ਚ ਹੀ ਛਪੀ ਹੈ। ਸ਼ਿਵ ਨੇ ਇਹ ਕਵਿਤਾ ਆਪਣੇ ਕਿਸੇ ਵੀ ਕਾਵਿ-ਸੰਗ੍ਰਹਿ ‘ਚ ਸ਼ਾਮਲ ਨਹੀਂ ਕੀਤੀ ਸੀ ਤੇ ਸ਼ਾਇਦ ਇਸੇ ਕਾਰਣ ਹੀ ਇਸ ਕਵਿਤਾ ਦੀ ਕਿਧਰੇ ਚਰਚਾ ਵੀ ਨਹੀਂ ਹੋਈ । ਇਹ ਕਵਿਤਾ  ” ਸ਼ਿਵ ਕੁਮਾਰ ਬਟਾਲਵੀ ਸੰਪੂਰਣ ਕਾਵਿ ” ਵਿੱਚੋਂ ਧੰਨਵਾਦ ਸਾਹਿਤ ਲਈ ਗਈ ਹੈ।

ਫ਼ਰਕ

ਜਦੋਂ ਮੇਰੇ ਗੀਤ ਕੱਲ ਤੈਥੋਂ

ਵਿਦਾਇਗੀ ਮੰਗ ਰਹੇ ਸੀ

ਤਦੋਂ ਯਾਰ

ਹੱਥਕੜੀਆਂ ਦਾ ਜੰਗਲ ਲੰਘ ਰਹੇ ਸੀ

ਤੇ ਮੇਰੇ ਜਿਹਨ ਦੀ ਤਿੜਕੀ ਹੋਈ ਦੀਵਾਰ ਉੱਤੇ

ਅਜਬ ਕੁੱਝ ਡੱਬ-ਖੜੱਬੇ ਨਗਨ ਸਾਏ

ਕੰਬ ਰਹੇ ਸੀ।

ਦੀਵਾਰੀ ਸੱਪ ਤ੍ਰੇੜਾਂ ਦੇ

ਚੁਫੇਰਾ ਡੰਗ ਰਹੇ ਸੀ ।

ਇਹ ਪਲ ਮੇਰੇ ਲਈ ਦੋਫਾੜ ਪਲ ਸੀ

ਦੋ-ਚਿੱਤੀਆਂ ਨਾਲ ਭਰਿਆ ।

ਦੋ-ਨਦੀਆਂ ਸੀਤ ਜਲ ਸੀ ।

ਮੈਂ ਤੇਰੇ ਨਾਲ ਵੀ ਨਹੀਂ ਸਾਂ

ਤੇ ਤੇਰੇ ਨਾਲ ਵੀ ਮੈਂ ਸਾਂ

ਮੈਨੂੰ ਏਸੇ ਹੀ ਪਲ

ਪਰ ਕੁਝ ਨਾ ਕੁਝ ਸੀ ਫੈਸਲਾ ਕਰਨਾ

ਕੀ ਤੇਰੇ ਨਾਲ ਹੈ ਚੱਲਣਾ ?

ਕੀ ਤੇਰੇ ਨਾਲ ਹੈ ਮਰਨਾ ?

ਜਾਂ ਉਹਨਾਂ ਨਾਲ ਹੈ ਮਰਨਾ ?

ਕਿ ਜਾਂ ਤਲਵਾਰ ਹੈ ਬਣਨਾ ?

ਕਿ ਮੈਨੂੰ ਗੀਤ ਹੈ ਬਣਨਾ

ਸੀ ਉੱਗੇ ਰੁੱਖ ਸਲਾਖਾਂ ਦੇ

ਮੇਰੀ ਇਕ ਸੋਚ ਦੇ ਪਾਸੇ

ਤੇ ਦੂਜੀ ਤਰਫ ਸਨ

ਤੇਰੇ ਉਦਾਸੇ ਮੋਹ ਭਰੇ ਹਾਸੇ

ਤੇ ਇੱਕ ਪਾਸੇ ਖੜੇ ਸਾਏ ਸੀ

ਜੇਲ ਬੂਹਿਆਂ ਦੇ

ਜਿਨਾਂ ਪਿੱਛੇ ਮੇਰੇ ਯਾਰਾਂ ਦੀਆਂ

ਨਿਰਦੋਸ਼ ਚੀਕਾਂ ਸਨ

ਜਿਨਾਂ ਦਾ ਦੋਸ਼ ਏਨਾ ਸੀ

ਕਿ ਸੂਰਜ ਭਾਲਦੇ ਕਿਉਂ ਨੇ

ਉਹ ਆਪਣੇ ਗੀਤ ਦੀ ਅੱਗ ਨੂੰ

ਚੌਰਾਹੀਂ ਬਾਲਦੇ ਕਿਉਂ ਨੇ

ਉਹ ਆਪਣੇ ਦਰਦ ਦਾ ਲੋਹਾ

ਕੁਠਾਲੀ ਢਾਲਦੇ ਕਿਉਂ ਨੇ

ਤੇ ਹੱਥਕੜੀਆਂ ਦੇ ਜੰਗਲ ਵਿੱਚ ਵੀ ਆ

ਲਲਕਾਰਦੇ ਕਿਉਂ  ਨੇ ?

ਤੇ ਫਿਰ ਮੈਂ ਕੁੱਝ ਸਮੇ ਲਈ

ਇਸ ਤਰਾਂ ਖਾਮੋਸ਼ ਸਾਂ ਬੈਠਾ

ਕਿ ਨਾਂ ਹੁਣ ਗੀਤ ਹੀ ਮੈਂ ਸਾਂ

ਸਗੋਂ ਦੋਹਾਂ ਪੜਾਵਾਂ ਤੇ ਖੜਾ

ਇੱਕ ਭਾਰ ਹੀ  ਮੈਂ ਸਾਂ ।

ਇਵੇਂ ਖਾਮੋਸ਼ ਬੈਠੇ ਨੂੰ

ਮੈਨੂੰ ਯਾਰਾਂ ਤੋਂ ਸੰਗ ਆਉਂਦੀ

ਕਦੀ ਮੇਰਾ ਗੀਤ ਗੁੰਮ ਜਾਂਦਾ

ਕਦੇ ਤਲਵਾਰ ਗੁੰਮ ਜਾਂਦੀ ।

ਤੂੰ ਆ ਕੇ ਪੁੱਛਦੀ ਮੈਨੂੰ

ਕਿ ਤੇਰਾ ਗੀਤ ਕਿੱਥੇ ਹੈ ?

ਤੇ ਮੇਰੇ ਯਾਰ ਆ ਕੇ ਪੁੱਛਦੇ

ਤਲਵਾਰ ਕਿੱਥੇ ਹੈ ?

ਤੇ ਮੈਂ ਦੋਹਾਂ ਨੂੰ ਇਹ ਕਹਿੰਦਾ

ਮੇਰੀ ਦੀਵਾਰ ਪਿੱਛੇ ਹੈ

ਮੈਨੂੰ ਦੀਵਾਰ ਵਾਲੀ ਗੱਲ ਕਹਿੰਦੇ

ਸ਼ਰਮ ਜਿਹੀ ਆਉਂਦੀ

ਕਿ ਉਸ ਦੀਵਾਰ ਪਿੱਛੇ ਤਾਂ

ਸਿਰਫ ਦੀਵਾਰ ਸੀ ਰਹਿੰਦੀ

ਤੇ ਮੇਰੀ ਰੂਹ ਜੁਲਾਹੇ ਦੀ

ਨਲੀ ਵੱਤ ਭਟਕਦੀ ਰਹਿੰਦੀ

ਕਦੇ ਉਹ ਗੀਤ ਵੱਲ  ਜਾਂਦੀ

ਕਦੇ ਤਲਵਾਰ ਵੱਲ ਜਾਂਦੀ ।

ਨਾਂ ਹੁਣ ਯਾਰਾਂ ਦਾ

ਹੱਥਕੜੀਆਂ ਦੇ ਜੰਗਲ ਚੋਂ ਵੀ ਖਤ ਆਉਂਦਾ

ਨਾ ਤੇਰਾ ਹੀ ਪਹਾੜੀ ਨਦੀ ਵਰਗਾ

ਬੋਲ ਸੁਣ ਪਾਂਦਾ

ਤੇ ਮੈਂ ਦੀਵਾਰ ਦੇ ਪਿੱਛੇ ਸਾਂ ਹੁਣ

ਦੀਵਾਰ ਵਿੱਚ ਰਹਿੰਦਾ ।

ਮੈਂ ਹੁਣ ਯਾਰਾਂ ਦੀਆਂ ਨਜ਼ਰਾਂ ‘ਚ ਸ਼ਾਇਦ

ਮਰ ਗਿਆ ਸਾਂ

ਤੇ ਤੇਰੀ ਨਜ਼ਰ ਵਿੱਚ

ਮੈਂ ਬੇਵਫਾਈ ਕਰ ਗਿਆ ਸਾਂ

ਪਰ ਅੱਜ ਇੱਕ ਦੇਰ ਪਿੱਛੋਂ

ਸੂਰਜੀ ਮੈਨੂੰ ਰਾਹ ਕੋਈ ਮਿਲਿਐ

ਤੇ ਏਸੇ ਰਾਹ ਤੇ ਮੈਨੂੰ ਤੁਰਦਿਆਂ

ਇਹ ਸਮਝ ਆਈ ਹੈ

ਕਦੇ ਵੀ ਗੀਤ ਤੇ ਤਲਵਾਰ ਵਿੱਚ

ਕੋਈ ਫ਼ਰਕ ਨਹੀਂ ਹੁੰਦਾ ।

ਜੇ ਕੋਈ ਫ਼ਰਕ ਹੁੰਦਾ ਹੈ

ਤਾਂ ਬਸ ਹੁੰਦਾ ਸਮਿਆਂ ਦਾ

ਕਦੇ ਤਾਂ ਗੀਤ ਸੱਚ ਕਹਿੰਦੈ

ਕਦੇ ਤਲਵਾਰ ਸੱਚ ਕਹਿੰਦੀ

ਹੈ ਗੀਤਾਂ ‘ਚੋਂ ਹੀ

ਹੱਥਕੜੀਆਂ ਦੇ ਜੰਗਲ ਨੂੰ ਸੜਕ ਜਾਂਦੀ ।

ਤੇ ਹੁਣ ਇਹ ਵਕਤ ਹੈ

ਤਲਵਾਰ ਲੈ ਕੇ ਮੈਂ ਚਲਾ ਜਾਵਾਂ

ਤੇ ਹੱਥਕੜੀਆਂ ਦੇ ਜੰਗਲ ਵਾਲਿਆਂ ਦੀ

ਬਾਤ ਸੁਣ ਆਵਾਂ ।

Advertisements

2 Responses to “ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ-ਫ਼ਰਕ”

  1. Sukhwant Singh Says:

    Bahut e khoob a ji…….

  2. Good work ! I like it.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: