ਸ਼ਹੀਦ ਭਗਤ ਸਿੰਘ ਤੇ ਪਾਸ਼ ਦੇ ਪੋਸਟਰ ਬਣੇ ਖਿੱਚ ਦਾ ਕੇਂਦਰ

ਸ਼ਹੀਦ ਭਗਤ ਸਿੰਘ ਤੇ ਪਾਸ਼ ਦੇ ਪੋਸਟਰ ਬਣੇ ਖਿੱਚ ਦਾ ਕੇਂਦਰ

January – 5 – 2011

ਬਠਿੰਡਾ, 4 ਜਨਵਰੀ
ਇਥੇ ਲੱਗੇ ਪੁਸਤਕ ਮੇਲੇ ਦੌਰਾਨ ਸ਼ਹੀਦ ਭਗਤ ਸਿੰਘ ਤੇ ਪਾਸ਼ ਦੇ ਪੋਸਟਰ ਖਿੱਚ ਦਾ ਕੇਂਦਰ ਰਹੇ। ਨੌਜਵਾਨ ਕਿਤਾਬਾਂ ਤੋਂ ਵੱਧ ਇਹ ਪੋਸਟਰ ਖਰੀਦ ਰਹੇ ਹਨ। ਲੜਕੀਆਂ ਵੱਲੋਂ ਕਲਪਨਾ ਚਾਵਲਾ ਤੇ ਕਿਰਨ ਬੇਦੀ ਦੇ ਪੋਸਟਰ ਖਰੀਦੇ ਜਾ ਰਹੇ ਹਨ। ਪੀਪਲਜ਼ ਫੋਰਮ ਬਰਗਾੜੀ ਦੀ ਸਟਾਲ ਤੋਂ ਇਨ੍ਹਾਂ ਪੋਸਟਰਾਂ ਦੀ ਵਿਕਰੀ ਹੋ ਰਹੀ ਹੈ। ਫੋਰਮ ਦੇ ਤੇਜਵੰਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਸੌ ਤੋਂ ਜ਼ਿਆਦਾ ਪੋਸਟਰ ਵਿਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਚਾਰ ਦਿਨਾਂ ਵਿੱਚ ਉਨ੍ਹਾਂ ਵੱਲੋਂ 350 ਪੋਸਟਰ ਵੇਚਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ‘ਡੇਟ ਡਿਕਸ਼ਨਰੀ’ ਦੀ ਵਿਕਰੀ ਵੀ ਕਾਫੀ ਹੈ।
ਚੇਤਨਾ ਪ੍ਰਕਾਸ਼ਨ ਦੇ ਸੁਮੀਤ ਗੁਲਾਟੀ ਨੇ ਦੱਸਿਆ ਕਿ ਵਾਰਤਕ ਦੀਆਂ ਪੁਸਤਕਾਂ ਜ਼ਿਆਦਾ ਵਿਕ ਰਹੀਆਂ ਹਨ ਅਤੇ ਨੌਜਵਾਨ ਬੋਲੀਆਂ ਦੀਆਂ ਪੁਸਤਕਾਂ ਵੀ ਪਸੰਦ ਕਰ ਰਹੇ ਹਨ। ਬਾਬੂ ਰਜਬ ਅਲੀ ਦੇ ਕਿੱਸਾ ਕਾਵਿ ਦੀ ਵਿਕਰੀ ਵੀ ਕਾਫੀ ਹੈ। ਯੂਨੀਸਟਾਰ ਪ੍ਰਕਾਸ਼ਨਾ ਦੇ ਸੁਸ਼ੀਲ ਨੇ ਦੱਸਿਆ ਕਿ ਸੁਰਜੀਤ ਪਾਤਰ ਦੀ ਨਵੀਂ ਪੁਸਤਕ ਅਤੇ ਸੁਖਵਿੰਦਰ ਅੰਮ੍ਰਿਤ ਦੀ ਗਜ਼ਲਾਂ ਦੀ ਕਿਤਾਬ ਕਾਫੀ ਵਿਕ ਰਹੀ ਹੈ। ਪ੍ਰੋ. ਗੁਰਦਿਆਲ ਸਿੰਘ ਅਤੇ ਨਾਨਕ ਸਿੰਘ ਦੇ ਨਾਵਲ ਵੀ ਕਾਫੀ ਵਿਕ ਰਹੇ ਹਨ। ਸੰਗਮ ਪਬਲੀਕੇਸ਼ਨ ਸਮਾਣਾ ਦੇ ਪ੍ਰਬੰਧਕਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਕਿ ਬਠਿੰਡਾ ਇਲਾਕੇ ਵਿੱਚ ਔਰਤਾਂ ਵੀ ਪੁਰਸ਼ਾਂ ਦੇ ਬਰਾਬਰ ਪੁਸਤਕਾਂ ਖਰੀਦ ਰਹੀਆਂ ਹਨ, ਜਦੋਂ ਕਿ ਬਾਕੀ ਖਿੱਤਿਆਂ ਵਿੱਚ ਅਜਿਹਾ ਨਹੀਂ। ਪਬਲੀਕੇਸ਼ਨ ਦੇ ਮੋਹਨ ਲਾਲ ਨੇ ਟਿੱਪਣੀ ਕੀਤੀ ‘ਲੇਖਕ ਸਮਾਗਮਾਂ ’ਤੇ ਆਉਂਦੇ ਹਨ ਪਰ ਕਿਤਾਬਾਂ ਕੋਲ ਨਹੀਂ ਆਉਂਦੇ।’ ਅੱਜ ਪੁਸਤਕ ਮੇਲੇ ਦੌਰਾਨ ਲੇਖਕ ਨਾਲ ਮਿਲਣੀ ਪ੍ਰੋਗਰਾਮ ਤਹਿਤ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਪੁੱਜੇ ਹੋਏ ਸਨ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਔਲਖ, ਸ੍ਰੀਮਤੀ ਮਨਜੀਤ ਔਲਖ, ਡਾ. ਜੀਤ ਸਿੰਘ ਜੋਸ਼ੀ ਅਤੇ ਡਾ. ਸਤਨਾਮ ਸਿੰਘ ਜੱਸਲ ਸੁਸ਼ੋਭਿਤ ਸਨ।
ਡਾ. ਜਸਵਿੰਦਰ ਸਿੰਘ ਨੇ ਪ੍ਰੋ.ਔਲਖ ਨੂੰ ਪੁਸਤਕਾਂ ਭੇਟ ਕਰਕੇ ਸਵਾਗਤ ਕੀਤਾ। ਸ਼ੁਰੂਆਤ ਵਿੱਚ ਡਾ. ਜੀਤ ਸਿੰਘ ਜੋਸ਼ੀ ਵੱਲੋਂ ਰਚਿਤ ਪੁਸਤਕ ‘ਗੰਗਾ ਸਿੰਘ ਭੂੰਦੜ-ਜੀਵਨ ਤੇ ਰਚਨਾ’ ਰਿਲੀਜ਼ ਕੀਤੀ ਗਈ। ਡਾ. ਬੂਟਾ ਸਿੰਘ ਬਰਾੜ ਨੇ ਕਵੀਸ਼ਰ ਗੰਗਾ ਸਿੰਘ ਭੂੰਦੜ ਅਤੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਸਤਨਾਮ ਸਿੰਘ ਜੱਸਲ ਨੇ ਪ੍ਰੋ. ਔਲਖ ਦੇ ਸਾਹਿਤਕ ਸਫਰ ਬਾਰੇ ਚਰਚਾ ਕੀਤੀ। ਪ੍ਰੋ. ਅਜਮੇਰ ਸਿੰਘ ਔਲਖ ਨੇ ਮੁੱਖ ਭਾਸ਼ਨ ਵਿੱਚ ਆਖਿਆ ਕਿ ਉਹ ਗੀਤ, ਕਹਾਣੀ ਲਿਖਣ ਮਗਰੋਂ ਨਾਟਕ ਲਿਖਣ ਵੱਲ ਤੁਰੇ। ਉਨ੍ਹਾਂ ਹਮੇਸ਼ਾ ਕਿਸਾਨੀ ਜੀਵਨ ਦੇ ਯਥਾਰਥ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਖ ਕੇ ਆਪਣੇ ਨਾਟਕਾਂ ਦਾ ਹਿੱਸਾ ਬਣਾਇਆ।

ਉਨ੍ਹਾਂ ਆਖਿਆ ਕਿ ਲੇਖਕ ਵਿੱਚ ਸਮਾਜਿਕ ਅਤੇ ਵਿਚਾਰਧਾਰਕ ਪ੍ਰਤੀਬੱਧਤਾ ਦਾ ਹੋਣਾ ਜ਼ਰੂਰੀ ਹੈ। ਸਮਾਗਮਾਂ ਦੇ ਦੂਸਰੇ ਪੜਾਅ ਵਿੱਚ ਕਹਾਣੀਕਾਰ ਜਸਪਾਲ ਮਾਨਖੇੜਾ, ਭਗਵੰਤ ਰਸੂਲਪੁਰੀ, ਦੇਸ ਰਾਜ ਕਾਲੀ, ਭੋਲਾ ਸਿੰਘ ਸੰਘੇੜਾ, ਬਿੰਦਰ ਬਸਰਾ, ਭੂਰਾ ਸਿੰਘ ਕਲੇਰ ਅਤੇ ਅਤਰਜੀਤ ਨੇ ਕਹਾਣੀਆਂ ਪੜ੍ਹੀਆਂ ਅਤੇ ਡਾ. ਜਸਵਿੰਦਰ ਸਿੰਘ ਨੇ ਇਨ੍ਹਾਂ ਕਹਾਣੀਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਪੁਸਤਕ ਮੇਲੇ ਵਿੱਚ 5 ਜਨਵਰੀ ਨੂੰ ‘ਕਵੀ ਦਰਬਾਰ’ ਵਿੱਚ 25 ਪ੍ਰਸਿੱਧ ਕਵੀ ਹਿੱਸਾ ਲੈ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ ਕਰਨਗੇ।

ਚਾਰ ਦਿਨਾਂ ਵਿੱਚ 22 ਲੱਖ ਦੀਆਂ ਪੁਸਤਕਾਂ ਵਿਕੀਆਂ
ਨੈਸ਼ਨਲ ਬੁੱਕ ਟਰੱਸਟ ਵੱਲੋਂ ਲਾਏ ਪੁਸਤਕ ਮੇਲੇ ਦੇ ਪਹਿਲੇ ਚਾਰ ਦਿਨਾਂ ਵਿੱਚ 22 ਲੱਖ ਦੀਆਂ ਪੁਸਤਕਾਂ ਵਿਕ ਗਈਆਂ ਹਨ। ਟਰੱਸਟ ਦੇ ਸੰਯੁਕਤ ਡਾਇਰੈਕਟਰ ਡਾ. ਬਲਦੇਵ ਸਿੰਘ ਬੱਦਨ ਨੇ ਦੱਸਿਆ ਕਿ ਇਕੱਲੇ ਐਨ.ਬੀ.ਟੀ. ਵੱਲੋਂ ਦੋ ਲੱਖ ਤੋਂ ਵੱਧ ਦੀਆਂ ਪੁਸਤਕਾਂ ਵੇਚੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2007 ਦੇ ਬਠਿੰਡਾ ਪੁਸਤਕ ਮੇਲੇ ਨਾਲੋਂ ਐਤਕੀਂ ਵਿਕਰੀ ਜ਼ਿਆਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐਤਕੀਂ ਨੌ ਦਿਨਾਂ ਵਿੱਚ 60 ਲੱਖ ਰੁਪਏ ਤੋਂ ਵੱਧ ਦੀ ਵਿਕਰੀ ਹੋਏਗੀ। ਦੂਸਰੀ ਤਰਫ ਸੰਗਮ ਪਬਲੀਕੇਸ਼ਨ ਵਾਲਿਆਂ ਦਾ ਕਹਿਣਾ ਸੀ ਕਿ ਠੰਢ ਦੇ ਮੌਸਮ ਕਾਰਨ ਉਮੀਦ ਮੁਤਾਬਕ ਵਿਕਰੀ ਨਹੀਂ ਹੋ ਰਹੀ ਹੈ। ਯੂਨੀਸਟਾਰ ਅਤੇ ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਵੀ ਵਿਕਰੀ ਪਿੱਛੇ ਠੰਢ ਨੂੰ ਵੱਡਾ ਕਾਰਨ ਦੱਸਿਆ। ਇਨ੍ਹਾਂ ਦਾ ਕਹਿਣਾ ਸੀ ਕਿ ਉਮੀਦ ਮੁਤਾਬਕ ਵਿਕਰੀ ਨਹੀਂ ਹੋ ਰਹੀ ਹੈ।

Bhagat Singh-Paash posters

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: