ਸਮਾਜਿਕ ਨਾ-ਬਰਾਬਰੀ ਤੇ ‘ਪਾਸ਼’

ਸਮਾਜਿਕ ਨਾ-ਬਰਾਬਰੀ ਤੇ ਪਾਸ਼

March – 23 – 2011

ਪ੍ਰੋ. ਪਰਮਜੀਤ ਸਿੰਘ ਬਟਾਲਵੀ

ਪੰਜਾਬੀ ਕਾਵਿ ਜਗਤ ਨੂੰ ਮਾਣ ਹੈ ਕਿ ਇਸ ਦੇ ਹਿੱਸੇ ਬਾਬਾ ਫਰੀਦ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਹਾਸ਼ਮ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਸ਼ਿਵ ਬਟਾਲਵੀ ਜਿਹੇ ਕਵੀ ਆਏ ਜਿਨ੍ਹਾਂ ਨੇ ਪੰਜਾਬੀ ਸਾਹਿਤ ਤੇ ਮਾਂ ਬੋਲੀ ਨੂੰ ਵਿਸ਼ਵ ਪੱਧਰ ’ਤੇ ਮਾਣ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਗੁੜ੍ਹੇ ਹੋਏ ਅਨਮੋਲ ਹੀਰਿਆਂ ਦੀ ਲੜੀ ਵਿੱਚ ਇੱਕ ਉੱਘਾ ਕਵੀ ਅਵਤਾਰ ਸਿੰਘ ਸੰਧੂ ਵੀ ਸੀ ਜਿਸ ਨੂੰ ਸਾਹਿਤ ਪ੍ਰੇਮੀ ‘ਪਾਸ਼’ ਦੇ ਨਾਂ ਨਾਲ ਯਾਦ ਕਰਦੇ ਹਨ। ਉਹ ਜੋਸ਼ੀਲਾ ਅਤੇ ਜੁਝਾਰੂ ਕਵੀ ਸੀ। ਉਸ ਦੇ ਸ਼ਬਦ ਬਾਣ ਲੋਟੂ ਪ੍ਰਵਿਰਤੀ ਵਾਲੇ ਹਾਕਮਾਂ ਤੇ ਸਰਮਾਏਦਾਰਾਂ ਦੇ ਸੀਨੇ ਵਿੰਨ੍ਹਣ ਲਈ ਪੂਰੀ ਤਰ੍ਹਾਂ ਸਮਰੱਥ ਸਨ।
ਪਾਸ਼ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵੰਡੀ ਸਲੇਮ ਵਿੱਚ 9 ਸਤੰਬਰ, 1950 ਨੂੰ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਸ. ਸੋਹਨ ਸਿੰਘ ਸੰਧੂ ਭਾਰਤੀ ਫ਼ੌਜ ਵਿੱਚੋਂ ਅਫ਼ਸਰ ਵਜੋਂ ਸੇਵਾਮੁਕਤ ਹੋਏ ਸਨ। ਮੁੱਢਲੀ ਵਿੱਦਿਆ ਉਸ ਨੇ ਪਿੰਡ ਖੀਵਾ ਤੋਂ ਹਾਸਲ ਕੀਤੀ। ਸੰਨ 1964 ਵਿੱਚ ਅੱਠਵੀਂ ਜਮਾਤ ਪਾਸ ਕਰਨ ਉਪਰੰਤ ਨੌਵੀਂ ਵਿੱਚ ਦਾਖਲ ਹੋਣ ਦੀ ਥਾਂ ਉਸ ਨੇ ਕਪੂਰਥਲਾ ਦੇ ਤਕਨੀਕੀ ਸਿਖਲਾਈ ਸਕੂਲ ਵਿੱਚ ਦਾਖਲਾ ਲੈ ਲਿਆ ਪਰ ਬਹੁਤਾ ਚਿਰ ਉਥੇ ਟਿਕ ਨਾ ਸਕਿਆ। ਫਿਰ ਉਹ ਬੀ.ਐਸ.ਐਫ. ਵਿੱਚ ਭਰਤੀ ਹੋ ਗਿਆ। ਨੌਕਰੀ ਉਸ ਦੀ ਆਜ਼ਾਦ ਰੂਹ ਨੂੰ ਪਸੰਦ ਨਾ ਆਈ। ਨੌਕਰੀ ਛੱਡ ਕੇ ਉਹ ਪਿੰਡ ਪਰਤ ਆਇਆ ਤੇ ਸਾਹਿਤ ਰਚਣ ਦੇ ਨਾਲ-ਨਾਲ ਸੰਪਾਦਕੀ ਕਾਰਜਾਂ ਵਿੱਚ ਜੁਟ ਗਿਆ।
ਸੱਤਵੇਂ ਦਹਾਕੇ ਦੇ ਮਗਰਲੇ ਸਾਲਾਂ ਵਿੱਚ ਉਹ ਨਕਸਲਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆ ਗਿਆ ਤੇ ਪੂਰੀ ਤਰ੍ਹਾਂ ਸਰਗਰਮ ਰੂਪ ਵਿੱਚ ਨਕਸਲੀ ਲਹਿਰ ਨਾਲ ਜੁੜ ਗਿਆ। 10 ਮਈ, 1970 ਨੂੰ ਕਤਲ ਦੇ ਇਲਜ਼ਾਮ ਹੇਠ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਲਗਪਗ ਇੱਕ ਸਾਲ ਬਾਅਦ ਉਹ ਰਿਹਾਅ ਹੋ ਗਿਆ। ਇਸ ਤੋਂ ਬਾਅਦ ਉਹ ਕਈ ਵਾਰ ਗ੍ਰਿਫ਼ਤਾਰ ਵੀ ਹੁੰਦਾ ਰਿਹਾ ਤੇ ਰਿਹਾਅ ਵੀ।
ਸੰਨ 1975 ਵਿੱਚ ਉਹ ਵਿੱਦਿਆ ਪ੍ਰਾਪਤੀ ਵੱਲ ਫਿਰ ਮੁੜ ਆਇਆ। ਉਸ ਨੇ ਦਸਵੀਂ ਪਾਸ ਕੀਤੀ, ਗਿਆਨੀ ਕੀਤੀ। ਇਸ ਤੋਂ ਪਿੱਛੋਂ ਉਸ ਨੇ ਸੰਨ 1978 ਵਿੱਚ ਜੇ.ਬੀ.ਟੀ. ਵੀ ਪਾਸ ਕੀਤੀ। ਉਸ ਨੇ  ਸਕੂਲ ਖੋਲ੍ਹਣ ਦਾ ਫੈਸਲਾ ਕਰ ਲਿਆ। ਚੰਦ ਕੁ ਵਰ੍ਹੇ ਉਸ ਨੇ ਸਕੂਲ ਚਲਾਇਆ ਪਰ ਉਸ ਦੇ ਪੱਲੇ ਨਾਕਾਮੀ ਹੀ ਪਈ। ਆਰਥਿਕ ਪੱਖੋਂ ਉਸ ਦੀ ਹਾਲਤ ਹੋਰ ਪਤਲੀ ਹੋ ਗਈ। ਸੰਨ 1986 ਵਿੱਚ ਉਹ ਅਮਰੀਕਾ ਚਲਾ ਗਿਆ ਤੇ ਵਾਪਸ ਆਉਣ ਉਪਰੰਤ 23 ਮਾਰਚ, 1988 ਨੂੰ ਜਦ ਉਹ ਆਪਣੇ ਇੱਕ ਮਿੱਤਰ ਦੇ ਟਿਊਬਵੈਲ ’ਤੇ ਨਹਾਉਣ ਜਾ ਰਿਹਾ ਸੀ ਤਾਂ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਤਰ੍ਹਾਂ ਪਾਸ਼ ਜਿਹਾ ਮਹਾਨ ਵਿਦਵਾਨ ਤੇ ਸੂਝਵਾਨ ਕਵੀ ਸਾਥੋਂ ਸਦਾ ਲਈ ਵਿੱਛੜ ਗਿਆ।
ਸੰਨ 1970 ਵਿੱਚ ਉਸ ਨੇ ਰੋਹ ਭਰੀਆਂ ਕਵਿਤਾਵਾਂ ਨਾਲ ਲਬਰੇਜ਼ ਕਾਵਿ ਸੰਗ੍ਰਹਿ ‘ਲੋਹ ਕਥਾ’ ਪੰਜਾਬੀ ਸਾਹਿਤ ਦੀ ਝੋਲੀ ਪਾਇਆ ਸੀ ਜੋ ਉਸ ਦਾ ਪਲੇਠਾ ਪਰ ਭਰ੍ਹਵੀਂ ਹਾਜ਼ਰੀ ਲਗਵਾਉਣ ਵਾਲੀ ਸੀ। ਇਸ ਵਿੱਚ ਉਸ ਨੇ ਕਿਹਾ ਸੀ-
‘‘ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮੁਖੌਟੇ ਪਾਈ
ਦੁਸ਼ਮਣ ਵੀ ਪਹਿਚਾਣ ਸਕਦਾ ਹਾਂ।’’
ਇਸ ਤੋਂ ਇਲਾਵਾ ‘ਉਡਦੇ ਬਾਜ਼ਾਂ ਮਗਰ’, ‘ਸਾਡੇ ਸਮਿਆਂ ਵਿੱਚ’, ‘ਲੜਾਂਗੇ ਸਾਥੀ’ ਅਤੇ ‘ਖਿੱਲਰੇ ਹੋਏ ਵਰਕੇ’ ਉਸ ਦੀ ਬੇਖੌਫ਼ ਤੇ ਬੇਬਾਕ ਕਲਮ ਤੋਂ ਨਿਕਲੇ ਚਰਚਿਤ ਕਾਵਿ ਸੰਗ੍ਰਹਿ ਸਨ ਜਿਨ੍ਹਾਂ ਵਿੱਚ ਦਰਜ ਉਸ ਦੇ ਹੇਠ ਲਿਖੇ ਬੋਲ ਸਮਾਜਿਕ ਨਾ-ਬਰਾਬਰੀ, ਸ਼ੋਸ਼ਣ, ਔਰਤਾਂ ਦੀ ਨਿਘਰਦੀ ਹਾਲਤ ਅਤੇ ਧਾਰਮਿਕ ਸੰਕੀਰਣਤਾ ’ਤੇ ਕਰਾਰੀ ਚੋਟ ਕਰਦੇ ਨਜ਼ਰ ਆਉਂਦੇ ਹਨ:
* ਹੱਥ ਜੇ ਹੋਣ ਤਾਂ ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਹਮਣੇ ਚੁੱਕਣ ਨੂੰ ਹੀ ਹੁੰਦੇ ਹਨ
ਉਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ।
* ਮੇਰੇ ਤੋਂ ਆਸ ਨਾ ਕਰਿਓ
ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸੁਆਦਾਂ ਦੀ ਗੱਲ ਕਰਾਂਗਾ
* ਅਸੀਂ ਜ਼ਿੰਦਗੀ, ਬਰਾਬਰੀ ਜਾਂ ਕੁਝ ਵੀ ਹੋਰ
ਇਸੇ ਤਰ੍ਹਾਂ ਸੱਚੀ-ਮੁੱਚੀ ਦਾ ਚਾਹੁੰਦੇ ਹਾਂ
ਜਿਸ ਤਰ੍ਹਾਂ ਸੂਰਜ, ਹਵਾ ਤੇ ਬੱਦਲ
ਘਰਾਂ ਤੇ ਖੇਤਾਂ ਵਿੱਚ ਸਾਡੇ ਅੰਗ ਸੰਗ ਰਹਿੰਦੇ ਹਨ।
* ਕਵਿਤਾ ਬਹੁਤ ਹੀ ਨਿਸੱਤੀ ਹੋ ਗਈ ਹੈ
ਜਦ ਕਿ ਹਥਿਆਰਾਂ ਦੇ ਨਹੁੰ
ਭੈੜੀ ਤਰ੍ਹਾਂ ਵਧ ਆਏ ਹਨ
ਤੇ ਹੁਣ ਹਰ ਤਰ੍ਹਾਂ ਦੀ ਕਵਿਤਾ ਤੋਂ ਪਹਿਲਾਂ
ਹਥਿਆਰਾਂ ਨਾਲ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ।

ਮੋਬਾਈਲ:97816-46008

http://punjabitribuneonline.com/2011/03/%E0%A8%B8%E0%A8%AE%E0%A8%BE%E0%A8%9C%E0%A8%BF%E0%A8%95-%E0%A8%A8%E0%A8%BE-%E0%A8%AC%E0%A8%B0%E0%A8%BE%E0%A8%AC%E0%A8%B0%E0%A9%80-%E0%A8%A4%E0%A9%87-%E2%80%98%E0%A8%AA%E0%A8%BE%E0%A8%B6%E2%80%99/

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: