ਸ਼ਸ਼ੀ ਸਮੁੰਦਰਾ ਦੀ ਕਵਿਤਾ-ਮੈਂ ਤਲਵੰਡੀ ਸਲੇਮ ਜਾਣਾ ਹੈ

23 ਮਾਰਚ ਪਾਸ਼ ਦਾ ਯਾਦਗਾਰੀ ਦਿਨ ਹੈ | ਸਿਰਫ਼, 23 ਮਾਰਚ ਹੀ ਕਿਓਂ ? ਪੂਰਾ ਮਹੀਨਾ ਕਿਓਂ ਨਹੀਂ ? ਨਹੀਂ, ਪੂਰਾ ਸਾਲ ਹੀ ਕਿਓਂ ਨਹੀਂ ? ਪਾਸ਼ ਨੂੰ ਯਾਦ ਨਾ ਰਖਣਾ ਇਨਸਾਨੀਅਤ ਨੂੰ ਭੁਲਾਉਣਾ ਹੈ | ਪਾਸ਼ ਨੇ ਇਨਸਾਨੀਅਤ ਦੀ ਸਾਂਝ ਲਈ ਜਾਣ ਦਿੱਤੀ | 23 ਮਾਰਚ 1988 ਦੀ ਸਵੇਰ ਓਹਨੂੰ ਸਾਥੀ ਹੰਸ ਰਾਜ ਸਮੇਤ ਓਹਦੇ ਪਿੰਡ ਤਲਵੰਡੀ ਸਲੇਮ ਨਫ਼ਰਤ ਦੇ ਅਨਸਰਾਂ ਮਾਰ ਦਿੱਤਾ |

ਮੇਰੀ ਇਹ ਕਵਿਤਾ ਪਾਸ਼ ਨੂੰ ਸਮਰਪਿਤ ਹੈ | ਮੈਂ ਫ਼ਿਲਹਾਲ ਪਾਸ਼ ਦੇ ਪਿੰਡ ਤਾਂ ਨਹੀਂ ਜਾ ਸਕਾਂਗੀ ਪਰ, ਮੇਰੀ ਖਾਹਿਸ਼ ਹੈ ਕਿ ਓਸ ਦਿਨ ਓਥੇ ਲੱਗਦੇ ਮੇਲੇ ਵਿੱਚ ਕੋਈ ਇਹ ਕਵਿਤਾ ਪੜ੍ਹੇ … 

ਮੈਂ ਤਲਵੰਡੀ ਸਲੇਮ ਜਾਣਾ ਹੈ ਕਿਓਂਕਿ : / ਮੈਂ ਤੁਰਨਾ ਹੈ ਉਨ੍ਹਾਂ ਗਲੀਆਂ ਵਿੱਚ / ਜਿਥੇ ਨਿੱਕੇ ਹੁੰਦਿਆਂ 

ਪਾਸ਼ ਆੜੀਆਂ ਨਾਲ ਗੁੱਲੀ-ਡੰਡਾ ਤੇ ਲੁਕਣ-ਮੀਚੀ ਖੇਡਦਾ ਹੁੰਦਾ ਸੀ |

ਮੈਂ ਦੇਖਣਾ ਹੈ ਓਹ ਘਰ / ਓਹ ਕਮਰੇ, ਓਹ ਕੰਧਾਂ , ਓਹ ਵੇਹੜਾ , ਓਹ ਛੱਤ / ਜਿਹੜੇ ਹਨ ਓਹਦੇ ਬਚਪਨ ਤੇ ਜਵਾਨੀ ਦੇ ਗਵਾਹ 

ਓਹਦੇ ਹਾਸੇ, ਜਿਦਾਂ, ਰੋਸਿਆਂ ਦੇ ਗਵਾਹ |

ਮੈਂ ਦੇਖਣਾ ਹੈ ਓਹ ਭੋਰਾ / ਜਿਥੇ ਭਗਤ ਸਿੰਘ, ਮਾਓ ਤੇ ਹੋ ਚੀ ਮਿਨ ਦੇ ਕੈਲੰਡਰ ਲਾ 

ਸਿਆਣਿਆਂ ‘ਚ ਬੈਠਾ ਓਹ ਮੁੰਡਾ / ਵੱਡੇ ਸੁਪਨੇ ਲੈਂਦਾ ਸੀ |

ਮੈਂ ਜਾਣਾ ਹੈ ਉਨ੍ਹਾਂ ਖੇਤਾਂ ਵਿੱਚ / ਜਿਥੇ ਰੁਖ ਹਾਲੇ ਵੀ ਓਹਦੀਆਂ ਗੱਲਾਂ ਕਰਦੇ ਹੋਣਗੇ :

ਗਰਮੀਆਂ ਦੀ ਰੁੱਤੇ, ਅਕਸਰ, ਐਥੇ ਓਹ ਖਾਲ ‘ਚ ਪੈਰ ਪਾ ਬੈਠਾ / ਘੰਟਿਆਂ ਬਧੀ ਕੁਝ ਪੜ੍ਹਦਾ ਰਹਿੰਦਾ ਸੀ

ਜਾ, ਕੁਝ ਸੋਚਦਾ, ਗੰਨਾ ਚੂਪਦਾ ਤੁਰਿਆ ਜਾਂਦਾ…

ਤੇ ਦੇਖਣਾ ਹੈ ਓਹ ਟੀਊਬਵੈੱਲ / ਜੋ ਓਹਦੇ ਕਤਲ ਦਾ ਗਵਾਹ ਹੈ |  

ਤੇ ਆਪਣੇ ਪੋਟਿਆਂ ਨਾਲ ਛੂਹ ਕੇ ਦੇਖਣੀ ਹੈ ਮੈਂ  ਓਹ ਧਰਤੀ / ਜਿਥੇ ਓਹਦਾ ਖ਼ੂਨ ਡੁੱਲਿਆ ਹੈ

ਤੇ ਜਿਥੇ ਹੁਣ, ਓਹ ਕਾਈ, ਫੁੱਲ ਬੂਟੇ ਤੇ ਫ਼ਸਲ ਬਣ ਕੇ ਉੱਗਿਆ ਹੈ |

ਮੈਂ ਤਲਵੰਡੀ ਸਲੇਮ ਜਾਣਾ ਹੈ / ਜਿਥੇ ਪਾਸ਼ ਜੰਮਿਆਂ-ਇੱਕ ਰੋਹ ਦਾ ਦਰਿਆ / ਇੱਕ ਬੁਲੰਦ ਆਵਾਜ਼ 

ਜੋ ਹੋ ਗਈ ਹੈ ਹੁਣ ਸਮੁਚੀ ਦੁਨੀਆਂ ਦੀ ਆਵਾਜ਼ / ਮਜ਼ਲੂਮਾਂ ਦੀ ਆਵਾਜ਼ / ਗਰੀਬਾਂ ਦੀ ਆਵਾਜ਼ / ਸਚ ਦੀ ਆਵਾਜ਼ |

ਮੈਂ ਉਸ ਪਿੰਡ ਨੂੰ ਨਤਮਸਤਕ ਹੋਣ ਜਾਣਾ ਹੈ / ਸੱਜਦਾ ਕਰਨ ਜਾਣਾ ਹੈ | 

ਮੈਂ ਤਲਵੰਡੀ ਸਲੇਮ ਜਾਣਾ ਹੈ / ਮੈਂ ਤਲਵੰਡੀ ਸਲੇਮ ਜਾਣਾ ਹੈ… 

                                                                -ਸ਼ਸ਼ੀ ਸਮੁੰਦਰਾ | ਲਿਖਣ ਸਮਾਂ : 1 / 25 / 2011

 

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: