ਸਾਹਿਤ ਦੀ ਇਤਿਹਾਸਕਾਰੀ ਵੱਲ ਵਧਦਾ ਕਦਮ-ਇਕ ਪਾਸ਼ ਇਹ ਵੀ (ਮਨਿੰਦਰ ਸਿੰਘ ਕਾਂਗ)

                                      ਸਾਹਿਤ ਦੀ ਇਤਿਹਾਸਕਾਰੀ ਵੱਲ ਵਧਦਾ ਕਦਮ

                                                         ਪੰਨੇ: 167, ਮੁੱਲ: 150 ਰੁਪਏ
                                                ਪ੍ਰਕਾਸ਼ਕ: ਯੂਨੀ ਸਟਾਰ ਬੁੱਕਸ, ਚੰਡੀਗੜ੍ਹ

ਪਾਸ਼ ਭਾਰਤੀ ਸਾਹਿਤ ਵਿੱਚ ਪੰਜਾਬੀ ਸਾਹਿਤ ਦੇ ਰਤਨਾਂ ਵਿੱਚੋਂ ਇਕ ਗਿਣਿਆ ਜਾਂਦਾ ਹੈ। ਪੰਜਾਬੀ ਸਾਹਿਤ ਵਿੱਚ ਤਾਂ ਜਾਦੂ ਬਹੁਤਿਆਂ ਦੇ ਸਿਰ ਚੜ੍ਹ ਬੋਲਦਾ ਹੈ। ਉਸ ਦੇ ਨਿੱਜੀ ਵਿਰੋਧੀ ਵੀ ਤੇ ਉਸ ਦੀ ਕਵਿਤਾ ਦੇ ਵਿਰੋਧੀ ਵੀ ਬਹੁਗਿਣਤੀ ਵਿੱਚ ਬੜੇ ਬੋਲ-ਕੁਬੋਲ ਬੋਲਦੇ ਰਹੇ ਹਨ। ਉਹ ਆਪ ਭਾਵੇਂ ਇਕ ਖੁੱਲ੍ਹੀ ਕਿਤਾਬ ਵਾਂਗ ਤਕਰੀਬਨ ਢਾਈ-ਤਿੰਨ ਦਹਾਕੇ ਸਾਡੇ ਸਾਰਿਆਂ ਅੱਗੇ ਖੁੱਲ੍ਹਾ ਰਿਹਾ ਸੀ, ਪਰ ਫੇਰ ਵੀ ਉਹ ਬੜਾ ਕੁਝ ਅਣਕਿਹਾ ਤੇ ਭੇਦ ਭਰਿਆ ਛੱਡ ਕੇ ਤੁਰ ਗਿਆ ਸੀ। ਭਾਵੇਂ ਉਸ ਅਜੇ ਜਾਣਾ ਨਹੀਂ ਸੀ, ਪਰ ਮੌਤ ਉਸ ਨੂੰ ਆਪਣੇ ਦੇਸ਼ ਖਿੱਚ ਲਿਆਈ ਸੀ। ਉਹ ਸਭ ਕੁਝ ਜੋ ਅਣਕਿਹਾ, ਅਣਲਿਖਿਆ ਤੇ ਵਕਤ ਦੇ ਪੰਨਿਆਂ ’ਤੇ ਅਛੋਹ ਪਿਆ ਰਿਹਾ, ਉਸ ਦੇ ਜਿਗਰੀ ਯਾਰ, ਕਲਮਕਾਰ ਤੇ ਪੱਤਰਕਾਰ ਸ਼ਮਸ਼ੇਰ ਸਿੰਘ ਸੰਧੂ ਨੇ ਉਨ੍ਹਾਂ ਹੀ ਵਕਤ ਦਿਆਂ ਪੰਨਿਆਂ ਤੋਂ ਫੜਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਕਦੀ ਭੂਤਕਾਲ ਵਿੱਚ ਅਛੋਹ ਰਹਿ ਗਏ ਸਨ। ਇਸ ਪੱਖ ਤੋਂ ਪੁਸਤਕ ‘‘ਇਕ ਪਾਸ਼ ਇਹ ਵੀ’’ ਇਤਿਹਾਸਕਾਰੀ ਵੱਲ ਵਧਦਾ ਇਕ ਕਦਮ ਹੈ। ਲੰਮੇ ਸਮੇਂ ਤੋਂ ਭਾਰਤੀ ਭਾਸ਼ਾਵਾਂ ਵਿੱਚ ‘ਸਾਹਿਤ ਦੀ ਇਤਿਹਾਸਕਾਰੀ’ ਦੀ ਰੂਪਰੇਖਾ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਸੰਧੂ ਨੇ ਸੁੱਤੇ ਸਿੱਧ ਹੀ ਇਹ ਕਿਤਾਬ ਲਿਖ ਕੇ ਰਾਹ-ਦਸੇਰੇ ਦਾ ਕੰਮ ਕੀਤਾ ਹੈ ਕਿ ਟੁਕੜਿਆਂ ਦੇ ਰੂਪ ਵਿੱਚ, ਵਿਅਕਤੀਗਤ ਪ੍ਰਭਾਵਾਂ ਨੂੰ ਲੈ ਕੇ ਕਿਸੇ ਵੱਡ-ਸਮਰੱਥੇ ਲੇਖ ਬਾਰੇ ਇੰਜ ਲਿਖ ਕੇ ਵੀ ਸਾਹਿਤ ਦੀ ਇਤਿਹਾਸਕਾਰੀ ਲਈ ਨਿੱਗਰ ਕੰਮ ਕੀਤਾ ਜਾ ਸਕਦਾ ਹੈ।
ਸੱਠਵਿਆਂ ਵਿੱਚ, ਜਦੋਂ ਪਾਸ਼ ਤੇ ਸ਼ਮਸ਼ੇਰ ਜਵਾਨ ਹੁੰਦੇ ਹਨ, ਇੰਜ ਵਾਪਰਦਾ ਹੈ ਕਿ ਉਹ ਦੌਰ ਭਾਰਤੀ ਵੋਟਤੰਤਰ ਤੋਂ, ਖੱਬੇ ਪੱਖੀ ਪਾਰਟੀਆਂ ਦੀ ਵੰਡ ਤੋਂ, ਆਦਰਸ਼ਵਾਦ ਤੋਂ ਮੋਹ ਭੰਗ ਦਾ ਹੁੰਦਾ ਹੈ। ਤੱਤੀ ਜਵਾਨੀ ਆਪਣੇ ਹਾਣ ਦੀਆਂ ਸੋਚਾਂ ਮੰਗਦੀ ਹੈ। ਨਕਸਲੀ ਲਹਿਰ ਉੱਠੀ ਹੋਈ ਸੀ ਤੇ ਉਧਰੋਂ ਮੋਗਾ ਗੋਲੀ ਕਾਂਡ ਵਾਪਰਦਾ ਹੈ। ਅਜਿਹੇ ਸਮੇਂ ਵਿੱਚ ਹੀ ਨਕਸਲੀ ਦੌਰ ਤੇ ਪਾਸ਼ ਵਰਗੀ ਗਰਮ ਵਿਚਾਰਧਾਰਾ ਨੂੰ ਲੈ ਕੇ ਉਠਿਆ ਕਾਵਿਕ ਦੌਰ ਉਫ਼ਾਨ ’ਤੇ ਹੁੰਦਾ ਹੈ। ਇਹ ਦੌਰ ਸਮਾਂ ਪਾ ਕੇ ਬੀਤ ਵੀ ਗਿਆ, ਪਰ ਪੰਜਾਬੀ ਸਾਹਿਤ ਤੇ ਪੰਜਾਬ ਸੂਬੇ ਦੇ ਇਤਿਹਾਸਕ ਵਿਕਾਸ ਵਿੱਚ ਜ਼ਿਕਰਯੋਗ ਥਾਂ ਬਣ ਗਿਆ। ਅੱਜ ਅਸੀਂ ਇਸ ਨਾਲ ਸਬੰਧਤ ਸਮੱਗਰੀ ਤੇ ਇਤਿਹਾਸਕ ਸਰੋਤ ਕਿਥੋਂ ਲੱਭੀਏ।
ਹੁਣ ਅਜਿਹੇ ਸਮੇਂ ਹੀ ਪਾਸ਼ ਨੂੰ ਲੈ ਕੇ ਲਿਖੀ ਇਹ ਕਿਤਾਬ ਸਾਹਮਣੇ ਆਉਂਦੀ ਹੈ। ਇਹ ਕਹਿਣ ਵਿੱਚ ਵੀ ਸੰਕੋਚ ਨਹੀਂ ਕਿ ਸ਼ਮਸ਼ੇਰ ਨੇ ਸਾਡੀਆਂ ਇਤਿਹਾਸਕ ਤੇ ਸਾਂਸਕ੍ਰਿਤਕ, ਸਮਾਜਕ ਲੋੜਾਂ ਨੂੰ ਮੁੱਖ ਰੱਖ ਕੇ ਇਹ ਕਿਤਾਬ ਨਹੀਂ ਲਿਖੀ। ਇਹ ਸਿੱਧੀ ਹੀ ਮੂਡ-ਸਕੇਪ ਨੂੰ ਸਮਰਪਿਤ ਕਿਤਾਬ ਹੈ। ਉਸ ਦੌਰ ਦੀਆਂ ਲੋੜਾਂ, ਵਰਜਨਾਵਾਂ, ਤ੍ਰਿਸ਼ਨਾ ਅਤੇ ਜਵਾਨੀ ਦੇ ਅਮੋੜ ਜਜ਼ਬਿਆਂ ਨੂੰ ਜ਼ਬਾਨ ਦੇ ਦਿੱਤੀ ਹੈ। ਉਸ ਦੇ ਲੇਖਾਂ ‘‘ਬੰਦ ਕੋਠੜੀ ਦੀ ਜ਼ਿੰਦਗੀ, ਅਸੀਂ ਬੜੀ ਵਾਰ ਲੜੇ, ਪੰਜਾਬੀ ਗੀਤਾਂ ਦੀਆਂ ਗਾਇਕਾਵਾਂ, ‘ਸਿਆੜ’ ਰਸਾਲੇ ਦਾ ਇਕ ਪੰਨਾ, ਸੰਨਾਟਾ ਛਾ ਗਿਆ ਪਾਸ਼ ਦੀ ਕਵਿਤਾ ਨਾਲ’ ਆਦਿ ਅਜਿਹੇ ਲੇਖ ਹਨ, ਜਿਨ੍ਹਾ ਬੜਾ ਕੁਝ ਹੀ ਅਜੋਕੇ ਪਾਠਕਾਂ ਅੱਗੇ ਕਿਸੇ ਤਲਿਸਮੀ ਚਾਬੀ ਵਾਂਗ ਖੋਲ੍ਹ ਕੇ ਰੱਖ ਦੇਣਾ ਹੈ।
ਇਸ ਕਿਤਾਬ ਦੀ ਕਿਸਮ ਨਿਸ਼ਚਤ ਕਰਨ ਲਈ ਅਸੀਂ ਉਪਰ ਸ਼ਬਦ ‘ਮੂਡ ਸਕੇਪ’ ਵਰਤਿਆ ਹੈ। ਸਾਹਿਤ ਦੇ ਰੂਪਾਂ ਬਾਰੇ ਤਾਂ ਬੜੀਆਂ ਗੱਲਾਂ ਹੋਈਆਂ ਹਨ, ਪਰ ਉਨ੍ਹਾਂ ਰੂਪਾਂ ਦੀ ਅੱਗੋਂ ਕੋਈ ਟਾਈਪਾਲੋਜੀ ਘੱਟ ਹੀ ਨਿਸ਼ਚਿਤ ਹੁੰਦੀ ਹੈ। ਯੂਰਪੀਅਨ ਭਾਸ਼ਾਵਾਂ ਵਿੱਚੋਂ ਅਨੁਵਾਦ ਹੋ ਕੇ ਅੰਗਰੇਜ਼ੀ ਵਿੱਚ ਸਾਹਿਤ ਦੀ ਅਭਿਵਿਅਕਤੀ ਨਾਲ ਜੁੜੇ ਅਨੇਕ ਮਾਧਿਅਮ ਦਿਸੇ ਹਨ, ਮਸਲਨ:- ਡਾਇਰੀ, ਰਿਪੋਰਤਾਜ, ਚਿੱਠੀਆਂ, ਬਿਆਨ ਅਤੇ ਸਭ ਤੋਂ ਵੱਧ ਕਿਸੇ ਦੂਸਰੇ ਵੱਲੋਂ ਕਿਸੇ ਲੇਖਕ ਕਲਾਕਾਰ ਨੂੰ ਲੈ ਕੇ ਲਿਖੇ ‘ਮੂਡ ਸਕੇਪ’ ਹਨ। ਹਿੰਦੀ ਵਿੱਚ ਇਹ ਵਿਧਾ ਕਾਫੀ ਪ੍ਰਚੱਲਤ ਹੈ। ਅੱਜ-ਕੱਲ੍ਹ ਡਾ. ਵਿਸ਼ਵਨਾਥ ਤ੍ਰਿਪਾਠੀ ਇਹ ਕੰਮ ਕਰ ਰਹੇ ਹਨ। ਪੰਜਾਬੀ ਵਿੱਚ ਪਾਸ਼ ਨੂੰ ਲੈ ਕੇ ਆਪਣੇ ਤਰ੍ਹਾਂ ਦੀ ਇਹ ਅਨੂਠੀ ਕਿਤਾਬ ਹੈ, ਜਿਹੜੀ ਮੂਡ ਸਕੇਪ ਨੂੰ ਰੂਪਮਾਨ ਕਰਦਾ ਹੈ। ਇਹ ਰੇਖਾ ਚਿੱਤਰ ਵਿਧੀ ਜਾਂ ਆਮ ਵਾਕਫ਼ੀਅਤ ਨਾਲੋਂ ਵੱਖ ਹੈ। ਇਸ ਨੂੰ ਉਹੀ ਹੱਥ ਪਾ ਸਕਦਾ ਹੈ, ਜਿਹੜਾ ਲਿਖੇ ਜਾਂ ਚਿੱਤਰੇ ਜਾ ਰਹੇ ਪਾਤਰ ਜਾਂ ਲੇਖਕ ਨਾਲ ਸਦੀਵੀ ਸਾਂਝ ਪਾਈ ਬੈਠਾ ਹੋਵੇ, ਜਾਂ ਅਤਰੰਗ ਮਿੱਤਰ ਹੋਵੇ!
ਸ਼ਮਸ਼ੇਰ ਤੇ ਪਾਸ਼ ਇਸ ਪੁਸਤਕ ਰਾਹੀਂ ਜਿਵੇਂ ਕਿਸੇ ਕੁਕਨੂਸ ਵਾਂਗ ਮੁੜ ਮਰ ਕੇ ਉਸੇ ਸੁਆਹ ਵਿੱਚੋਂ ਮੁੜ ਜੀਵਤ ਹੋ ਪਏ ਹਨ।
ਇਸ ਪੁਸਤਕ ਦੀ ਵੱਡੀ ਪ੍ਰਾਪਤੀ ਨਿਰਉਚੇਚ ਹੋਣ ਦੀ ਹੈ। ਕਈ ਵਾਰ ਲਿਖਿਆ ਹੈ ਕਿ ਜਦੋਂ ਵੀ ਕੋਈ ਲੇਖਕ ਪ੍ਰਵਚਨ ਸਿਰਜ ਰਿਹਾ ਹੋਵੇ, ਉਹ ਆਪ ਕਿਤਾਬ ਵਿੱਚੋਂ ਅਲੋਪ ਹੋ ਜਾਂਦਾ ਹੈ ਤੇ ਪੁਸਤਕ ਵਿਚਲੀ ਸਮੱਗਰੀ ਬੋਲਣ ਲੱਗ ਪੈਂਦੀ ਹੈ। ਸੱਤਰਵਿਆਂ ਵਿੱਚ ਇਸੇ ਹੀ ਗੱਲ ਨੂੰ ਮੁੱਖ ਰੱਖ ਕੇ ਸੰਰਚਨਾਵਾਦੀ ਕਿਹਾ ਕਰਦੇ ਸਨ ਕਿ ਪਾਠਕ ਆਪ ਆਪਣੀ ਗੱਲ ਕਹੇ, ਲੇਖਕ ਨਹੀਂ। ਇਸ ਪੁਸਤਕ ਦਾ ਸਫਲ ਪ੍ਰਵਚਨ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਸ਼ਮਸ਼ੇਰ ਏਨਾ ਨਿਰਉਚੇਚ ਹੋ ਗਿਆ ਕਿ ਸਾਰੀ ਪੁਸਤਕ ਵਿੱਚ ਪਾਸ਼ ਹੀ ਪਾਸ਼ ਹੈ। ਦੋਸਤੀ ਦੀ ਹਰ ਵਿੱਥ ਪਾਰ ਕਰਦਿਆਂ ਉਹ ਪਾਸ਼ ਵਿੱਚ ਹੀ ਅਭੇਦ ਹੋ ਗਿਆ। ਇਸ ਪੁਸਤਕ ਦੇ ਦੋ ਲੇਖਾਂ ਨੇ ਮੈਨੂੰ ਮੋਹ ਲਿਆ। ਪਹਿਲਾ ਤਾਂ ਹੈ ‘‘ਨਾ ਬਣ ਸਕੀ ਪਤਨੀ ਨਾਲ ਮੁਲਾਕਾਤ’’ ਅਤੇ ਦੂਸਰਾ ਹੈ, ‘‘ਇਕ ਵਾਰ ਹੀ ਰੋਂਦਾ ਦੇਖਿਆ ਸੀ ਪਾਸ਼ ਨੂੰ।’’ ਇਹ ਦੋਹੇਂ ਲੇਖ ਇਸ ਪੁਸਤਕ ਦਾ ਹਾਸਲ ਹਨ। ਇਹ ਪੁਸਤਕ ਇਨ੍ਹਾਂ ਦੋਹਾਂ ਲੇਖਾਂ ਸਦਕਾ ਹੀ ਸ਼ਾਇਦ ਸਦੀਵੀ ਰਹੇਗੀ। ਲੇਖਾਂ ਨਾਲ ਜੇਕਰ ਸ਼ਮਸ਼ੇਰ ਦੇ ਸਾਹਿਤਕ ਖਾਸੇ ਦਾ ਬਰ ਮੇਚਿਆ ਜਾਵੇ ਤਾਂ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਸ਼ਮਸ਼ੇਰ ਇਸ ਪੁਸਤਕ ਨਾਲ ਵਾਰਤਕ ਦੀ ਜਾਦੂਈ ਲਿਖਾਈ ਨੂੰ ਸਾਹਮਣੇ ਲੈ ਆਇਆ ਹੈ।
ਲੇਖਕ ਚਾਹੇ ਜਿਸ ਵੀ ਯਾਨਰ ਵਿੱਚ ਲਿਖੇ, ਉਹ ਆਪਣੀ ਲਿਖਤ ਵਿੱਚ ਇਕ ਲੁਕਵੀਂ ਲਿਖਤ ਵੀ ਨਾਲ-ਨਾਲ ਲਿਖ ਰਿਹਾ ਹੁੰਦਾ ਹੈ। ਪਰ ਇਕ ਸਮਰੱਥ ਲੇਖਕ ਹੀ ਅਜਿਹਾ ਕਰ ਸਕਦਾ ਹੈ ਕਿ ਜੋ ਉਸ ਦੀ ਦਿੱਸਦੀ ਲਿਖਤ ਹੁੰਦੀ ਹੈ, ਉਸ ਵਿੱਚ ਵੱਡ-ਸਮਰੱਥਾ ਵਾਲੇ ਕਈ ਦ੍ਰਿਸ਼ ਜਾਂ ਇਸ਼ਾਰੇ ਛੱਡ ਜਾਵੇ, ਜੋ ਲੇਖਕ ਦੀ ਸੋਚ ਤੱਕ ਪਾਠਕ ਨੂੰ ਲੈ ਜਾ ਸਕਣ। ਅਜਿਹੀ ਕਰਤਾਰੀ ਲਿਖਤ ਘੱਟ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ। ਸ਼ਮਸ਼ੇਰ ਨੇ ਇਸ ਪੁਸਤਕ ਨੂੰ ਕਰਤਾਰੀ ਚੇਤਨਾ ਦੇ ਸਮਰੱਥ ਬਣਨ ਲਈ ਕਈ ਵੱਖ-ਵੱਖ ਪ੍ਰਵਰਗ ਸਿਰਜੇ ਹਨ। ਸਿਰਜੇ ਨਹੀਂ ਕਹਿਣਾ ਚਾਹੀਦਾ, ਬਲਕਿ ਪ੍ਰਵਰਗ ਨਿਸ਼ਚਤ ਕੀਤੇ ਹਨ। ਮਸਲਨ ਭੋਲਾ ਪਾਸ਼, ਸ਼ਰਾਰਤੀ ਪਾਸ਼, ਇਕ ਵੱਡ-ਸਮਰੱਥਾ ਵਾਲਾ ਕਵੀ ਪਾਸ਼, ਰੋਂਦੂ ਪਾਸ਼, ਜੋ ਪਹਿਲਾਂ ਉਦਾਸੀ ਤੋਂ ਖਿੱਝਦਾ ਤੇ ਫੇਰ ਆਪਣੇ ਹੀ ਬੌਣੇਪਨ ’ਤੇ ਆਪ ਹੱਸਦਾ ਹੈ। ਇਕ ਹੱਸਾਸ ਤੇ ਦੁਖੀ ਪਾਸ਼, ਜੋ ਘਰ ਦੇ ਟੁੱਟ ਜਾਣ ’ਤੇ ਦੁਖੀ ਹੈ। ਇਕ ਅੱਕਿਆ ਹੋਇਆ ਪੰਜਾਬੀ ਸੰਪਾਦਕ, ਜੋ ਕੱਚਘਰੜ ਛਾਪਣ ਤੋਂ ਇਨਕਾਰੀ ਹੈ। ਗੱਲ ਕੀ, ਇਸ ਪੁਸਤਕ ਨੇ ਹਰ ਉਸ ਪਾਸ਼ ਦੇ ਦਰਸ਼ਨ ਕਰਵਾਏ ਹਨ, ਜਿਹੜੇ ਉਹ ਪਾਠਕਾਂ ਲਈ ਕਦੀ ਮੰਚ ’ਤੇ ਪ੍ਰਗਟ ਹੀ ਨਹੀਂ ਹੋਣੇ ਸਨ। ਪਾਸ਼ ਦਾ ਸਭ ਤੋਂ ਮਹੱਤਵਪੂਰਨ ਪੱਖ, ਜਿਹੜਾ ਸ਼ਮਸ਼ੇਰ ਨੇ ਫੜਿਆ ਹੈ, ਉਹ ਸੀ ਉਸ ਦਾ ਆਪਣੇ ਲਏ ਨਿਰਣਿਆਂ ਦੀ ਸਵੈ-ਪੜਚੋਲ ਦਾ। ਸਾਡੇ ਖੱਬੇ ਪੱਖੀ ਜਾਂ ਨਕਸਲੀ ਮੇਰੀ ਜਾਚੇ ਸ਼ਾਇਦ ਹੀ ਕਦੀ ਸਵੈ-ਪੜਚੋਲ ਵਿੱਚ ਪਏ ਹੋਣ, ਪਰ ਪਾਸ਼ ਆਪ ਹੀ ਕਹਿੰਦਾ ਸੀ ਕਿ ਉਹ ਕਲਟ ਨਹੀਂ ਬਣਨਾ ਚਾਹੁੰਦਾ। ਦੀਦਾਰ ਸੰਧੂ ਵਾਲੇ ਲੇਖ ਵਿੱਚ ਪਾਸ਼ ਮੰਨਦਾ ਹੈ ਕਿ ਸਾਰੇ ਗਵੱਈਏ ਹੀ ਘਟੀਆ ਤੇ ਚਾਲੂ ਗੀਤ ਗਾਉਣ ਵਾਲੇ ਨਹੀਂ ਹੁੰਦੇ। ਏਦਾਂ ਹੀ ਉਹ ਹਾਰ ਮੰਨਦਾ ਹੈ ਕਿ ਪਿੰਡ ਦੇ ਮੁੰਡੇ ਜੇ ਮੰਜੇ ਜੋੜ ਕੇ, ਸਪੀਕਰ ਲਾ ਕੇ ਤਵੇ ਨਾ ਸੁਣਨ ਤੇ ਕੀ ਕਰਨ? ਲੇਖ ‘ਜਿੱਥੇ ਕਵਿਤਾ ਖ਼ਤਮ ਹੁੰਦੀ ਹੈ’ ਇਸ ਪੱਖ ਦਾ ਉੱਤਮ ਲੇਖ ਹੈ।
ਸ਼ਮਸ਼ੇਰ ਦੀ ਯਾਦ ਸ਼ਕਤੀ ਦੀ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਲਗਪਗ ਪੈਂਤੀ, ਚਾਲੀ ਸਾਲ ਪੁਰਾਣੀਆਂ ਘਟਨਾਵਾਂ ਚੇਤਿਆਂ ਵਿੱਚੋਂ ਖੰਗਾਲ ਕੇ ਕੱਢੀਆਂ। ਪੰਜਾਬੀਆਂ ਨੇ ਮੌਖਿਕ ਸਾਹਿਤ ਹੀ ਸਿਰਜਣਾ ਨੂੰ ਵਿਅਕਤ ਕੀਤਾ। ਜਿਸ ਲੇਖ ਵਿੱਚ ਪਾਸ਼ ਨੂੰ ਛਪਾਰ ਦਾ ਮੇਲਾ ਵੇਖਦਾ ਵਿਖਾਇਆ ਗਿਆ ਹੈ, ਉੱਥੇ ਇਕ ਸ਼ਰਾਬੀ ਨੰਗ-ਧੜੰਗ ਹੋ ਕੇ ਝੂਲਦਾ ਫਿਰਦੈ ‘ਕਿ ਬਈ ਅੱਜ ਤਾਂ ਮੇਲੈ! ਬਸ ਮੇਲਾ ਐ!’ ਇੰਜ ਹੀ ਹੋਟਲ ਵਾਲਾ ਮੁੰਡੂ ਪਾਸ਼ ਦੇ ਇਹ ਕਹਿਣ ਨੂੰ, ‘‘ਕਿ ਅਸੀਂ ਤਾਂ ਮਲੰਗ ਹਾਂ।’’ ਉਹ ‘ਨੰਗ’ ਸਮਝ ਲੈਂਦਾ ਹੈ ਤੇ ਕਹਿੰਦਾ ਹੈ ਕਿ ‘‘ਅੱਛਾ ਵੀਰ! ਤੁਸੀਂ ਵੀ ਨੰਗ ਓ! ਆਲੂ ਹੋਰ ਬਣਾ ਲੈਂਦੇ ਹਾਂ। ਰੋਟੀਆਂ ਹੋਰ ਬਣਾ ਲੈਂਦੇ ਹਾਂ! ਮੈਂ ਵੀ ਨੰਗ! ਤੁਸੀਂ ਵੀ ਨੰਗ!’’
ਹੁਣ ਜਿਹੜੀ ਗੱਲ ਸੈਂਕੜੇ ਪੰਨਿਆਂ ਵਿੱਚ ਡਾਇਲੈਕਟਿਕਸ ਨੂੰ ਰੂਪਮਾਨ ਕਰਕੇ ਨਹੀਂ ਦੱਸੀ ਜਾਂਦੀ ਕਿ ਪਰੋਲੇਤਾਰੀ ਜਾਂ ਗਰੀਬ ਦੂਸਰੇ ਪਰੋਲੇਤਾਰੀ ਜਾਂ ਗਰੀਬ ਦੇ ਕਿਉਂ ਤਕਫੱਟ ਹੀ ਨਜ਼ਦੀਕ ਹੋ ਜਾਂਦਾ ਹੈ, ਉਸ ਨੂੰ ਪਾਸ਼ ਦੀ ਫਿਕਰੇਬਾਜ਼ੀ ਤੇ ਸ਼ਮਸ਼ੇਰ ਦਾ ਇਹ ਲੇਖ ਦੋ ਹਰਫ਼ੀ ਸਮਝਾ ਦੇਂਦੇ ਹਨ। ਮੌਖਿਕ ਵਾਰਤਾਲਾਪ ਤੇ ਲੋਕਧਾਰਾਈ ਰੰਗ ਵਾਲੀਆਂ ਇਹ ਲਿਖਤਾਂ ਪੁਸਤਕ ਦਾ ਹਾਸਲ ਹਨ।
ਪੁਸਤਕ ਦੀ ਸਮੱਗਰੀ ਇਸ ਦੇ ਸਾਂਸਕ੍ਰਿਤਕ ਵਿਰਸੇ ਨੂੰ ਰੂਪਮਾਨ ਕਰਦੀ ਹੋਣ ਕਾਰਨ, ਲਹਿਰ ਨੂੰ ਸਪਰਪਿਤ ਹੋਣ ਕਾਰਨ, ਯਾਦਾਂ ਵਾਲੇ ਸਟਾਈਲ ਵਿੱਚ ਲਿਖਣ ਕਾਰਨ ਇਕ ਯਾਦਗਾਰੀ ਰਚਨਾ ਬਣ ਗਈ ਹੈ। ਪੁਸਤਕ ਵਿੱਚ ਚੰਦ ਤਕਨੀਕੀ ਖਾਮੀਆਂ ਵੀ ਹਨ, ਪਰ ਪੁਸਤਕ ਦਾ ਆਭਾ ਮੰਡਲ ਏਨਾ ਲਿਸ਼ਕੋਰ ਮਾਰਦਾ ਹੈ ਕਿ ਇਨ੍ਹਾਂ ਤਕਨੀਕੀ ਕਾਮੀਆਂ ਨੂੰ ਮੈਨੂੰ ਨਜ਼ਰਅੰਦਾਜ਼ ਕਰਨਾ ਪੈ ਰਿਹਾ ਹੈ। ਮੇਰੀ ਜਾਚੇ ਸਾਹਿਤਕ ਮੱਸ ਰੱਖਣ ਵਾਲੇ ਹਰ ਪੰਜਾਬੀ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ। ਲੇਖਕ ਨੇ ਇਸ ਪੁਸਤਕ ਰਾਹੀਂ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ।

ਮਨਿੰਦਰ ਸਿੰਘ ਕਾਂਗ

ਮੋਬਾਈਲ:94170-32348

http://punjabitribuneonline.com/2011/12/%e0%a8%b8%e0%a8%be%e0%a8%b9%e0%a8%bf%e0%a8%a4-%e0%a8%a6%e0%a9%80-%e0%a8%87%e0%a8%a4%e0%a8%bf%e0%a8%b9%e0%a8%be%e0%a8%b8%e0%a8%95%e0%a8%be%e0%a8%b0%e0%a9%80-%e0%a8%b5%e0%a9%b1%e0%a8%b2-%e0%a8%b5/

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: