ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ (ਕੁਲਵਿੰਦਰ ਖਹਿਰਾ)

ਉਹ ਕਿਸੇ ਸਾਲ ਦੇ ਸਤੰਬਰ ਦੀ 27 ਤਰੀਕ ਹੀ ਸੀ ਜਦੋਂ ਗੁਰਸ਼ਰਨ ਭਾਅ ਜੀ ਨੂੰ ਮੈਂ ਪਹਿਲੀ ਵਾਰ ਆਪਣੇ ਹੀ ਪਿੰਡ ਵਿੱਚ ਨਾਟਕ ਕਰਦਿਆਂ ਵੇਖਿਆ ਸੀ। ਮੈਂ ਨੌਂ ਸਾਲ ਦਾ ਸੀ ਜਦੋਂ ਸਾਡੇ ਨਾਲ਼ ਦੇ ਪਿੰਡ ਦਾ ਨੌਜਵਾਨ ਅਧਿਆਪਕ ਸਵਰਨ ਢੱਡਾ ਕਾਲ਼ਾ ਸੰਘਿਆਂ ਵਾਲ਼ੇ ਕਾਂਡ ਵਿੱਚ ਪੁਲੀਸ ਤਸ਼ੱਦਦ ਦਾ ਸਿ਼ਕਾਰ ਹੋ ਕੇ ਮਾਰਿਆ ਗਿਆ ਸੀ। ਹਰ ਸਾਲ 27 ਸਤੰਬਰ ਨੂੰ ਸਾਡੇ ਪਿੰਡ ਦੇ ਸਕੂਲ ਵਿੱਚ ਉਸ ਦੀ ਯਾਦ ਵਿੱਚ ਮੇਲਾ ਲਗਦਾ। ਗੁਰਸ਼ਰਨ ਭਾਅ ਜੀ ਨਾਟਕ ਕਰਨ ਆਉਂਦੇ। ਪਾਸ਼ ਅਤੇ ਉਦਾਸੀ ਦੇ ਗੀਤ ਗਾਏ ਜਾਂਦੇ। ਮੈਨੂੰ ਅੱਜ ਤੱਕ ਵੀ ਗੁਰਸ਼ਰਨ ਭਾਅ ਜੀ “ਕਿਵ ਕੂੜੈ ਤੁੱਟੈ ਪਾਲ” ਨਾਟਕ ਵਿੱਚ ਰੋਲ ਕਰਦੇ ਹੂ-ਬ-ਹੂ ਵਿਖਾਈ ਦੇ ਰਹੇ ਹਨ। ਸ਼ਾਇਦ “ਗੱਲ ਰੋਟੀ ਦੀ, ਗੱਲ ਕੁਰਸੀ ਦੀ” ਨਾਟਕ ਵੀ ਉਨ੍ਹਾਂ ਹੀ ਖੇਡਿਆ ਸੀ। ਉਸ ਤੋਂ ਬਾਅਦ 1981 ਵਿੱਚ ਕੈਨੇਡਾ ਆਉਣ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ। ਖ਼ਾਲਸਾ ਕਾਲਿਜ ਅੰਮ੍ਰਿਤਸਰ ਵਿਚਲੇ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਸਿ਼ੰਗਾਰਾ ਸਿੰਘ ਢਿੱਲੋਂ ਸਾਡੇ ਰਿਸ਼ਤੇਦਾਰ ਸਨ ਜਿਨ੍ਹਾਂ ਨੂੰ ਮਿਲਣ ਮੈਂ ਅੰਮ੍ਰਿਤਸਰ ਗਿਆ ਹੋਇਆ ਸਾਂ। ਉਨ੍ਹਾਂ ਦੇ ਬੇਟੇ (ਖਾਲਿਸਤਾਨੀ ਸਫ਼ਾਂ ਵਿੱਚ ਰਲ਼ ਕੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਬੱਬੀ ਮਾਸਟਰ) ਨੇ ਸਕੂ਼ਲ ਵਿੱਚ ਕੋਈ ਨਾਟਕ ਕਰਵਾਉਣਾ ਸੀ ਜਿਸ ਬਾਰੇ ਗੱਲ ਕਰਨ ਲਈ ਉਹ ਭਾਅ ਜੀ ਨੂੰ ਮਿਲਣ ਗਏ ਅਤੇ ਮੈਨੂੰ ਵੀ ਨਾਲ਼ ਹੀ ਲੈ ਗਏ। ਆਪਣੇ ਘਰ ਦੀ ਛੱਤ ‘ਤੇ ਕੁਝ ਕਲਾਕਾਰਾਂ ਨਾਲ਼ ਭਾਅ ਜੀ ਨੀਵੇਂ ਲੱਕ ਹੋਏ ਕਿਸੇ ਨਾਟਕ ਦੀ ਰੀਹਰਸਲ ਕਰ ਰਹੇ ਸਨ। ਪਹਿਲੀ ਵਾਰ ਨੇੜਿਉਂ ਵੇਖ ਕੇ ਇਵੇਂ ਲੱਗਿਆ ਜਿਵੇਂ ਭਾਅ ਜੀ ਬਹੁਤ ਬੁੱਢੇ ਹੋ ਗਏ ਹੋਣ। ਨੀਵੇਂ ਲੱਕ ਹੋਇਆਂ ਹੀ ਉਨ੍ਹਾਂ ਰੀਹਰਸਲ ਤੋਂ ਹਟ ਕੇ ਸਾਡੇ ਨਾਲ਼ “ਰਾਈ ਦਾ ਪਹਾੜ” ਨਾਟਕ ਬਾਰੇ ਸਾਡੇ ਨਾਲ਼ ਕੁਝ ਹਦਾਇਤੀ ਗੱਲਾਂ ਕੀਤੀਆਂ ਅਤੇ ਅਸੀਂ ਵਾਪਸ ਆ ਗਏ।
ਮੈਂ ਕੈਨੇਡਾ ਆ ਗਿਆ। ਸਮਾਂ ਬੀਤਦਾ ਗਿਆ। 1995 ਵਿੱਚ ਭਾਅ ਜੀ ਕੈਨੇਡਾ ਫੇਰੀ ‘ਤੇ ਆਏ ਤਾਂ ਕਿਸੇ ਸਾਥੀ ਦੇ ਘਰ ਉਨ੍ਹਾਂ ਨੂੰ ਮਿਲਣ ਜਾਣ ਦਾ ਮੌਕਾ ਮਿਲਿਆ। ਪਾਸ਼ ਟ੍ਰਸਟ ਬਾਰੇ ਗੱਲ ਚੱਲੀ ਤਾਂ ਉਹ ਪੁੱਛਣ ਲੱਗੇ ਕਿ ਅਸੀਂ ਟਰਾਂਟੋ ਵਿੱਚ ਪਾਸ਼ ਦਾ ਸਮਾਗਮ ਕਿਉਂ ਨਹੀਂ ਕਰਵਾਉਂਦੇ? ਮੈਂ ਦੱਸਿਆ ਕਿ ਜਿਸ ਦੋਸਤ ਦੇ ਘਰ ਅਸੀਂ ਬੈਠੇ ਸਾਂ ਉਹੀ ਸਾਥੀ ਇਸ ਵਿੱਚ ਅੜਿੱਕਾ ਬਣ ਰਹੇ ਸਨ ਜੋ ਨਾ ਤਾਂ ਆਪਣੀ ਜਥੇਬੰਦੀ ਵੱਲੋਂ ਪਾਸ਼ ਦਾ ਪ੍ਰੋਗਰਾਮ ਕਰਵਾਉਂਦੇ ਸਨ ਅਤੇ ਨਾ ਹੀ ਨਵੀਂ ਜਥੇਬੰਦੀ ਬਣਨ ਦੇ ਰਹੇ ਸਨ ਜੋ ਪਾਸ਼ ਦਾ ਪ੍ਰੋਗਰਾਮ ਕਰਵਾ ਸਕੇ। ਭਾਅ ਜੀ ਉਸ ਸਾਥੀ ਨੂੰ ਪੁੱਛਣ ਲੱਗੇ ਕਿ ਇਸ ਦੀ ਕੀ ਵਜ੍ਹਾ ਹੈ ਤਾਂ ਸਾਥੀ ਦਾ ਜਵਾਬ ਸੀ ਕਿ ਉਹ ਆਪਣੇ ਪ੍ਰੋਗਰਾਮ ਵਿੱਚ ਪਾਸ਼ ਦਾ ਨਾਂ ਲੈ ਲੈਂਦੇ ਹਨ ਅਤੇ ਪਾਸ਼ ਲਈ ਕਿਸੇ ਵਿਸ਼ੇਸ਼ ਜਥੇਬੰਦੀ ਦੀ ਲੋੜ ਨਹੀਂ ਹੈ ਕਿਉਂਕਿ ਪਹਿਲਾਂ ਹੀ “ਅਗਾਂਹਵਧੂ” ਜਥੇਬੰਦੀਆਂ ਕੰਮ ਕਰ ਰਹੀਆਂ ਸਨ। ਬਸ ਫਿਰ ਕੀ ਸੀ, ਭਾਅ ਜੀ ਤਾਅ ਵਿੱਚ ਆਉਂਦੇ ਹੋਏ ਇੱਕ ਦਮ ਸੋਫ਼ੇ ਦੇ ਕੰਢੇ ‘ਤੇ ਬੈਠਦੇ ਹੋਏ ਪੂਰੇ ਗੁੱਸੇ ਵਿੱਚ ਦਹਾੜੇ, “ਐ ਤੁਸੀਂ ਕੀ ਗੱਲ ਪਏ ਕਰਦੇ ਓ? ਤੁਹਾਡੀ ਜਥੇਬੰਦੀ ਇੱਕ ਛੋਟੀ ਜਿਹੀ ਜਥੇਬੰਦੀ ਹੈ ਜਿਸ ਦੀ ਟਰਾਂਟੋ ਤੋਂ ਬਾਹਰ ਕੋਈ ਪਛਾਣ ਨਹੀਂ ਤੇ ਪਾਸ਼ ਟ੍ਰਸਟ ਦੁਨੀਆਂ ਭਰ ਵਿੱਚ ਫੈਲੀ ਹੋਈ ਜਥੇਬੰਦੀ ਹੈ ਜਿਸ ਨੂੰ ਸਾਰਾ ਜਹਾਨ ਜਾਣਦਾ ਹੈ। ਤੁਸੀਂ ਇੱਕ ਇੰਟਰਨੈਸ਼ਨਲ ਜਥੇਬੰਦੀ ਨੂੰ ਟਰਾਂਟੋ ਵਿੱਚ ਸਥਾਪਤ ਹੋਣੋਂ ਕਿਵੇਂ ਰੋਕ ਸਕਦੇ ਓ?” ਭਾਅ ਜੀ ਏਨੇ ਗੁੱਸੇ ਵਿੱਚ ਆ ਗਏ ਸਨ ਕਿ ਮੈਨੂੰ ਡਰ ਲੱਗਣ ਲੱਗ ਪਿਆ ਕਿ ਕਿਤੇ ਹਾਰਟ-ਅਟੈਕ ਹੀ ਨਾ ਕਰਵਾ ਬੈਠਣ।
ਇਸੇ ਹੀ ਫੇਰੀ ਦੌਰਾਨ ਉਨ੍ਹਾਂ ਨਾਲ਼ ਹਰਦੀਪ ਗਿੱਲ, ਅਨੀਤਾ, ਡਾ. ਸਾਹਿਬ ਸਿੰਘ ਉਨ੍ਹਾਂ ਦੀ ਪਤਨੀ ਰੋਜ਼ੀ, ਅਤੇ ਧੌਲ਼ਾ ਤੋਂ ਇਲਾਵਾ ਸ਼ਾਇਦ ਹਰਕੇਸ਼ ਵੀ ਆਇਆ ਹੋਇਆ ਸੀ। ਨਿਆਗਰਾ ਫਾਲਜ਼ ਵੇਖਣ ਤੋਂ ਬਾਅਦ ਸਾਰੇ ਜਣਿਆਂ ਨੇ ਰਾਤ ਦਾ ਖਾਣਾ ਮੇਰੇ ਘਰ ਖਾਣਾ ਸੀ। ਪੰਜਾਬੀ ਮਹਿਮਾਨ-ਨਿਵਾਜ਼ੀ ਦੇ ਹਿਸਾਬ ਨਾਲ਼ ਮੈਂ ਸਾਰਾ ਪ੍ਰਬੰਧ ਕੀਤਾ ਹੋਇਆ ਸੀ। ਕੁਝ ਦੇਰ ਬਾਅਦ ਮੈਂ ਵੇਖਿਆ ਕਿ ਭਾਅ ਜੀ ਦੀ ਟੀਮ ਦੇ ਮੁੰਡੇ ਕੁਝ ਝਿਜਕ ਜਿਹੀ ਮਹਿਸੂਸ ਕਰ ਰਹੇ ਹਨ। ਮੈਨੂੰ ਸੀ ਕਿ ਸ਼ਾਇਦ ਛੋਟੀ ਜਿਹੀ ਜਗ੍ਹਾ ‘ਤੇ ਬਹੁਤ ਜਣੇ ਇਕੱਠੇ ਹੋ ਜਾਣ ਕਰਕੇ ਉਹ ਤੰਗੀ ਜਿਹੀ ਮਹਿਸੂਸ ਕਰ ਰਹੇ ਨੇ। ਪਰ ਰਛਪਾਲ ਦੋਸਾਂਝ ਨੂੰ ਪੁੱਛਣ ‘ਤੇ ਪਤਾ ਲੱਗਾ ਕਿ ਮੁੰਡੇ ਦਾਰੂ ਤਾਂ ਪੀਂਦੇ ਹਨ ਪਰ ਭਾਅ ਜੀ ਦੇ ਸਾਹਮਣੇ ਨਹੀਂ ਪੀ ਸਕਦੇ। ਭਾਵੇਂ ਇਹ ਭਾਅ ਜੀ ਦੇ ਦਬਕੇ ਸਦਕਾ ਹੀ ਹੋਇਆ ਹੋਵੇ ਪਰ ਮੈਨੂੰ ਬੜਾ ਚੰਗਾ ਲੱਗਾ ਕਿ ਉਹ ਨੌਜਵਾਨ ਭਾਅ ਜੀ ਦੀ ਏਨੀ ਕਰ ਰਹੇ ਸਨ ਕਿ ਉਨ੍ਹਾਂ ਦੇ ਸਾਹਮਣੇ ਦਾਰੂ ਨਹੀਂ ਸਨ ਪੀ ਰਹੇ।
ਭਾਅ ਜੀ ਫਿਰ ਅਮਰੀਕਾ ਦੇ ਦੌਰੇ ‘ਤੇ ਆਏ। ਇਹ ਦੌਰਾ ਭਾਵੇਂ ਉਨ੍ਹਾਂ ਲਈ ਵਿਵਾਦ ਦਾ ਕਾਰਨ ਵੀ ਬਣਿਆ ਪਰ ਇਸ ਨਾਲ਼ ਨੂੰ ਕੈਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਨਾਟਕ ਕਰਨ ਦਾ ਮੌਕਾ ਵੀ ਮਿਲਿ਼ਆ। ਇਹ ਭਾਅ ਜੀ ਕੈਨੇਡਾ-ਅਮਰੀਕਾ ਦੀ ਆਖਰੀ ਫੇਰੀ ਸੀ। ਭਾਵੇਂ ਟਰਾਂਟੋ ਵਿੱਚ ਉਨ੍ਹਾਂ ਦਾ ਕੋਈ ਨਾਟਕ ਨਹੀਂ ਸੀ ਪਰ ਫਿਰ ਵੀ ਅਮਰੀਕੀ ਪਰਮੋਟਰ ਜੀ ਪੀ ਸਿੰਘ ਇਸ ਪੂਰੀ ਟੀਮ ਨੂੰ ਲੈ ਕੇ ਟਰਾਂਟੋ ਵਿੱਚ ਠਹਿਰੇ। ਅਨੀਤਾ ਅਤੇ ਹਰਕੇਸ਼ ਵੀ ਭਾਅ ਜੀ ਦੇ ਨਾਲ਼ ਸਨ। ਭਾਅ ਜੀ ਬਹੁਤ ਥੱਕੇ ਹੋਏ ਸਨ ਅਤੇ ਆਰਾਮ ਕਰਨਾ ਚਾਹੁੰਦੇ ਸਨ ਇਸ ਲਈ ਘਰ ਆਉਣ ਲਈ ਰਾਜ਼ੀ ਨਾ ਹੋਏ। ਮੈਂ ਆਪਣੇ ਪਰਵਾਰ ਨਾਲ਼ ਭਾਅ ਜੀ ਹੁਰਾਂ ਨੂੰ ਹੋਟਲ ਵਿੱਚ ਮਿਲਣ ਗਿਆ। ਉਨ੍ਹਾਂ ਦੇ ਕਮਰੇ ਵਿੱਚ ਬੈਠ ਕੇ ਖੂਬ ਗੱਲਾਂ ਕੀਤੀਆਂ। ਕੁਝ ਦੇਰ ਬਾਅਦ ਅਨੀਤਾ ਕਹਿਣ ਲੱਗੀ, ਆਉ ਭਾਅ ਜੀ ਤੁਹਾਨੂੰ ਜੀ ਪੀ ਸਿੰਘ ਨੂੰ ਮਿਲ਼ਾ ਲਿਆਵਾਂ।” ਕੁਝ ਦੇਰ ਬਾਅਦ ਹਰਕੇਸ਼ ਸਾਨੂੰ ਆਵਾਜ਼ ਮਾਰਨ ਆ ਗਿਆ ਕਿ ਭਾਅ ਜੀ ਬੁਲਾ ਰਹੇ ਹਨ। ਜਦੋਂ ਅਸੀਂ ਜੀ ਪੀ ਸਿੰਘ ਦੇ ਕਮਰੇ ‘ਚੋਂ ਬਾਹਰ ਆਏ ਤਾਂ ਹਰਕੇਸ਼ ਦੱਬਵੀਂ ਆਵਾਜ਼ ਵਿੱਚ ਹੱਸ ਪਿਆ। ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗਾ, “ਭਾਅ ਜੀ ਪੁੱਛਣ ਲੱਗੇ ਕਿ ਕੁਲਵਿੰਦਰ ਕਿਧਰ ਗਿਆ? ਜਦੋਂ ਅਸੀਂ ਕਿਹਾ ਜੀ ਪੀ ਸਿੰਘ ਨੇ ਕੋਈ ਗੱਲ ਕਰਨੀ ਸੀ ਇਸ ਲਈ ਉਸ ਨੂੰ ਮਿਲਣ ਗਏ ਹਨ ਤਾਂ ਭਾਅ ਜੀ ਗੁੱਸੇ ਵਿੱਚ ਆਉਂਦੇ ਹੋਏ ਬੋਲੇ ‘ਇਹ ਜੀ ਪੀ ਸਿੰਘ ਕੁਲਵਿੰਦਰ ਨਾਲ਼ ਕੀ ਗੱਲ ਕਰੇਗਾ, ਕੁਲਵਿੰਦਰ ਖਹਿਰਾ ਟਰਾਂਟੋ ਦੀ ਪ੍ਰੌਮੀਨੈਂਟ ਹਸਤੀ ਹੈ।” ਸੁਣ ਕੇ ਮਾਣ ਅਤੇ ਖੁਸ਼ੀ ਨਾਲ਼ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਪੰਜਾਬੀ ਸਾਹਿਤ ਅਤੇ ਨਾਟਕ ਦੀ ਏਨੀ ਮਹਾਨ ਹਸਤੀ ਮੇਰੇ ਵਰਗੇ ਗੁੰਮਨਾਮ ਜਿਹੇ ਵਿਅਕਤੀ ਲਈ ਏਨੇ ਵੱਡੇ ਸ਼ਬਦ ਵਰਤ ਰਹੇ ਸਨ ਜੋ ਮੇਰੇ ਲਈ ਕਿਸੇ ਵੀ ਵੱਡੇ ਤੋਂ ਵੱਡੇ ਸਾਹਿਤਕ ਇਨਾਮ ਤੋਂ ਲੱਖਾਂ ਗੁਣਾਂ ਵੱਧ ਕੀਮਤ ਰੱਖਦੇ ਸਨ।
ਮੈਨੂੰ ਯਾਦ ਨਹੀਂ ਕਿ ਇਹ ਉਸੇ ਹੀ ਫੇਰੀ ਗੱਲ ਹੈ ਜਾਂ ਉਸ ਤੋਂ ਕੁਝ ਸਮਾਂ ਪਹਿਲਾਂ ਤਰਕਸ਼ੀਲ ਸੁਸਾਇਟੀ ਦੇ ਸੱਦੇ ‘ਤੇ ਟਰਾਂਟੋ ਵਿੱਚ ਨਾਟਕ ਕਰਨ ਆਉਣ ਸਮੇਂ ਦੀ ਗੱਲ ਹੈ ਕਿ ਉਨ੍ਹਾਂ ਨੇ ਮਿਲਣ ਦੀ ਗੱਲ ਕੀਤੀ ਤਾਂ ਅਸੀਂ ਭੁਪਿੰਦਰ ਦੁਲੇ ਦੇ ਘਰ ਇਕੱਠੇ ਹੋਏ। ਉਨ੍ਹਾਂ ਦਾ ਸੁਨੇਹਾ ਸੀ ਕਿ ਬੇਸ਼ੱਕ ਅਸੀਂ ਆਪਣੇ ਦੇਸ਼ ਤੋਂ ਦੂਰ ਹੋ ਗਏ ਹਾਂ ਸਾਨੂੰ ਆਪਣੇ ਸਮਾਜੀ ਫ਼ਰਜ਼ਾਂ ਤੋਂ ਦੂਰ ਨਹੀਂ ਹੋਣਾ ਚਾਹੀਦਾ ਅਤੇ ਏਥੇ ਵੀ ਸੰਘਰਸ਼ ਦੀ ਜੋਤ ਨੂੰ ਜਗਦਿਆਂ ਰੱਖਣਾ ਚਾਹੀਦਾ ਹੈ।
ਮੇਰਾ ਨਾਟਕ “ਅੰਨ੍ਹੀਆਂ ਗਲ਼ੀਆਂ” ਛਪਣ ਲੱਗਾ ਤਾਂ ਮੇਰਾ ਦਿਲ ਕੀਤਾ ਕਿ ਜਿਸ ਭਾਅ ਜੀ ਨੇ ਸਾਰੇ ਪੰਜਾਬ ਨੂੰ ਨਾਟਕ ਨਾਲ਼ ਜੋੜਿਆ ਅਤੇ ਮੇਰੇ ਮਨ ਅੰਦਰ ਨਾਟਕ ਦੇ ਬੀਜਾਂ ਦਾ ਛੱਟਾ ਦਿੱਤਾ, ਮੇਰਾ ਨਾਟਕ ਉਨ੍ਹਾਂ ਨੂੰ ਹੀ ਸਮਰਪਿਤ ਹੋਣਾ ਚਾਹੀਦਾ ਹੈ। ਮੇਰੀ ਇਹ ਰੀਝ ਸੀ ਕਿ ਉਹ ਮੇਰੇ ਨਾਟਕ ਪ੍ਰਤੀ ਕੁਝ ਲਿਖਦੇ ਪਰ ਮੇਰੀ ਇਹ ਖਵਾਹਿਸ ਪੂਰੀ ਨਾ ਹੋ ਸਕੀ। 2009 ਵਿੱਚ ਇੰਡੀਆ ਫੇਰੀ ਦੌਰਾਨ ਅਨੀਤਾ ਅਤੇ ਸ਼ਬਦੀਸ਼ ਨੂੰ ਮਿਲਣ ਜਾਣਾ ਸੀ। ਮੈਂ ਅਨੀਤਾ ਨੂੰ ਕਿਹਾ ਕਿ ਮੈਂ ਭਾਅ ਜੀ ਨੂੰ ਜ਼ਰੂਰ ਮਿਲਣਾ ਚਾਹਵਾਂਗਾ। ਸਮਾਂ ਬਹੁਤ ਥੋੜ੍ਹਾ ਸੀ। ਅਸੀਂ ਭਾਅ ਜੀ ਨੂੰ ਮਿਲਣ ਗਏ। ਭਾਬੀ ਜੀ ਅਤੇ ਅਰੀਤ ਵੀ ਘਰੇ ਹੀ ਸਨ। ਭਾਅ ਜੀ ਬੜੇ ਪਿਆਰ ਨਾਲ਼ ਮਿਲ਼ੇ। ਕੈਨੇਡਾ ਨਿਵਾਸੀ ਸਾਰੇ ਸਾਥੀਆਂ ਦੇ ਨਾਂ ਲੈ ਲੈ ਕੇ ਹਾਲ ਪੁੱਛਿਆ। ਕੁਝ ਦਿਨ ਹੀ ਪਹਿਲਾਂ ਪੂਰੇ ਹੋਏ ਤੇਰਾ ਸਿੰਘ ਚੰਨ ਦੀਆਂ ਗੱਲਾਂ ਚੱਲ ਪਈਆਂ । ਭਾਅ ਜੀ ਕਹਿਣ ਲੱਗੇ, “ਅਨੀਤਾ ਚੰਨ ਬਾਰੇ ਕੁਝ ਕਰਨਾ ਚਾਹੀਦਾ।” ਸ਼ਬਦੀਸ਼ ਅਤੇ ਅਨੀਤਾ ਨੇ ਕਿ ਕਿਹਾ ਕਿ ਉਹ ਕੋਸਿ਼ਸ਼ ਕਰ ਰਹੇ ਕਿ ਕੋਈ ਸਮਾਗਮ ਹੋ ਸਕੇ। ਭਾਅ ਜੀ ਜੋਸ਼ ਵਿੱਚ ਆਉਂਦੇ ਹੋਏ ਬੋਲੇ, “ਬਈ ਤਾਰਾ ਸਿੰਘ ਚੰਨ ਨੇ ਨਾਟਕ ਵਿੱਚ ਏਨਾ ਕੰਮ ਕੀਤਾ ਏ ਉਸ ਬਾਰੇ ਜ਼ਰੂਰ ਕੁਝ ਹੋਣਾ ਚਾਹੀਦੈ” ਫਿਰ ਪੂਰੇ ਜੋਸ਼ ਵਿੱਚ ਆ ਕੇ ਬੋਲੇ, “ਜੇ ਮੈਂ ਕੁਝ ਕਰਨ ਯੋਗਾ ਹੁੰਦਾ ਤਾਂ ਪੰਜਾਬ ਵਿੱਚ ਤਰਥੱਲੀ ਮਚਾ ਦਿੰਦਾ ਅੱਜ।” ਮੈਂ ਵੇਖਿਆ ਕਿ ਪੰਜਾਬ ਦਾ ਉਹ ਸ਼ੇਰ ਮੰਜੇ ‘ਤੇ ਪੈ ਕੇ ਵੀ ਪਹਿਲਾਂ ਵਾਂਗ ਹੀ ਦਹਾੜ ਰਿਹਾ ਸੀ।
ਪਤਾ ਨਹੀਂ ਇਹ ਬਚਪਨ ਦੀਆਂ ਯਾਦਾਂ ਦਾ ਨਤੀਜਾ ਹੈ ਜਾਂ ਮਨ ਦੀ ਕਿਸੇ ਨੁੱਕਰੇ ਅਜੇ ਵੀ ਛੁਪੇ ਬੈਠੇ ਭੂ-ਹੇਰਵੇ ਦਾ ਅਸਰ ਕਿ ਜਦੋਂ ਵੀ 27 ਸਤੰਬਰ ਆਉਂਦਾ ਹੈ ਤਾਂ ਮੈਨੂੰ ਆਪਣੇ ਪਿੰਡ ਦੇ ਉਸ ਛਾਦਗਾਰੀ ਮੇਲੇ ਦਾ ਚੇਤਾ ਆ ਜਾਂਦਾ। ਕਦੀ ਗੁਰਸ਼ਰਨ ਭਾਅ ਸਟੇਜ ਤੋਂ ਨਾਟਕ ਕਰ ਰਹੇ ਵਿਖਾਈ ਦਿੰਦੇ ਹਨ ਅਤੇ ਕਦੀ ਨਾਟਕ ਤੋਂ ਬਾਅਦ ਮੇਰੇ ਮਾਸਟਰ ਚਾਚਾ ਜੀ, ਜਿਸ ਨੂੰ ਬਚਾਉਣ ਗਿਆਂ ਸਵਰਨ ਢੱਡਾ ਆਪ ਪੁਲਸ ਦੇ ਹੱਥ ਆ ਗਿਆ ਸੀ, ਦੇ ਘਰ ਨੂੰ ਜਾਂਦੇ ਹੋਏ। ਇਸ ਸਾਲ ਵੀ ਮੈਂ ਉਸ ਦਿਨ ਨੂੰ ਯਾਦ ਕਰਕੇ ਭਾਅ ਜੀ ਆਪਣੇ ਪਿੰਡ ਦੀ ਉਸ ਉਜਾੜ ਜਿਹੀ ਬਣ ਗਈ ਜਗ੍ਹਾ ‘ਤੇ ਖਲੋਤਿਆਂ ਵੇਖ ਰਿਹਾ ਸਾਂ — ਇਸ ਗੱਲ ਤੋਂ ਬੇਖ਼ਬਰ ਕਿ ਭਾਅ ਜੀ ਤਾਂ ਕਿਤੇ ਹੋਰ ਹੀ ਪਹੁੰਚ ਚੁੱਕੇ ਸਨ—ਓਥੇ ਜਿੱਥੋਂ ਉਨ੍ਹਾਂ ਦੀ ਅਮਰਤਾ ਸ਼ੁਰੂ ਹੁੰਦੀ ਹੈ — ਜਿੱਥੇ ਖਲੋਤੇ ਉਹ ਆਪਣੀ ਭਾਵਕ ਹੋ ਗਈ ਆਵਾਜ਼ ਵਿੱਚ ਕਹਿ ਰਹੇ ਹਨ “ਮੇਰੇ ਪੁੱਤਰੋ ਮੈਨੂੰ ਮਰਨ ਨਾ ਦੇਣਾ, ਮੈਂ ਤੁਹਾਡੇ ਨਾਟਕਾਂ ਰਾਹੀਂ ਅੱਜ ਵੀ ਜਿਉਨਾਂ ਵਾਂ?”

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: