ਪਾਸ਼ ਦਾ ਸੁਪਨਾ ( ਪਰਮਜੀਤ ਕੱਟੂ)

ਪਾਸ਼ ਦਾ ਸੁਪਨਾ
ਬਰਸੀ ਤੇ ਵਿਸ਼ੇਸ਼

ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸ ਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ, ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ।

ਪਾਸ਼ ਦੀ ਕਵਿਤਾ ਸਿੱਧੇ ਤੌਰ ‘ਤੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਅਧੀਨ ਸਿਰਜੀ ਮੰਨੀ ਜਾਂਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਪਾਸ਼ ‘ਕਵੀ’ ਇਸ ਲਹਿਰ ਦੇ ਪ੍ਰਭਾਵ ਅਧੀਨ ਹੀ ਬਣਿਆ। ਉਹ ਮਨੁੱਖ (ਕਵੀ) ਵਧੇਰੇ ਸੰਜੀਦਾ, ਚਿੰਤਨਸ਼ੀਲ, ਭਾਵੁਕ ਹੁੰਦਾ ਹੈ ਜੋ ਆਮ ਮਨੁੱਖਾਂ ਦੇ ਮੁਕਾਬਲੇ ਜ਼ਿੰਦਗੀ ਦੇ ਹਰ ਪਲ/ਘਟਨਾ ਨੂੰ ਵਿਸ਼ੇਸ਼/ਵਿਲੱਖਣ ਦ੍ਰਿਸ਼ਟੀ ਤੋਂ ਵੇਖਦਾ ਹੈ। ਨਕਸਲਬਾੜੀ ਲਹਿਰ ਨਾਲ ਜੁੜੇ ਹੋਣ ਕਰਕੇ ਇਕ ਗੱਲ ਤਾਂ ਜ਼ਰੂਰ ਵਾਪਰੀ ਕਿ ਪਾਸ਼ ਨੇ ਆਪਣੀ ਕਾਵਿਕ ਦ੍ਰਿਸ਼ਟੀ ਦਾ ਵਿਚਾਰਧਾਰਕ ਆਧਾਰ ਮਾਰਕਸਵਾਦ ਨੂੰ ਬਣਾਇਆ, ਜਿਸ ਉਪਰ ਇਹ ਲਹਿਰ ਉਸਰੀ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਲਹਿਰ ਨਾਲ ਜੁੜਨ ਤੋਂ ਪਹਿਲਾਂ ਹੀ 1964 ਵਿਚ ਪਾਸ਼ ਦੀ ਖੱਬੇ-ਪੱਖੀ ਰਾਜਨੀਤਕ ਕਾਰਕੁੰਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ ਸੀ ਤੇ ਨਕਸਲਬਾੜੀ ਲਹਿਰ ਦੇ ਉਭਰਨ ਤੋਂ ਪਹਿਲਾਂ ਹੀ ਪਾਸ਼ ਨਿਸ਼ਚਿਤ ਤੌਰ ‘ਤੇ ਮਾਰਕਸਵਾਦ ਤੋਂ ਜਾਣੂੰ ਹੋ ਗਿਆ ਹੋਵੇਗਾ।

ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ‘ਲੋਹ-ਕਥਾ’ 1970 ਵਿਚ ਛਪਿਆ ਸੀ। ਪੰਜਾਬ ਵਿਚ ਨਕਸਲਬਾੜੀ ਲਹਿਰ 1968 ਦੇ ਆਰੰਭ ਵਿਚ ਹੀ ਜ਼ੋਰ ਫੜ੍ਹ ਗਈ ਸੀ ਤੇ ਪਾਸ਼ ਨਿਰਸੰਦੇਹ ਇਸ ਲਹਿਰ ਨਾਲ ਜੁੜ ਗਿਆ ਸੀ। ਇਹ ਕਾਵਿ-ਸੰਗ੍ਰਹਿ ਨਕਸਲਬਾੜੀ ਲਹਿਰ ਦਾ ਹੀ ਸਾਹਿਤਕ ਪਰਤੌਅ ਸੀ। ਇਸ ਕਾਵਿ-ਸੰਗ੍ਰਹਿ ਦੇ ਨਾਇਕ ਅੰਦਰ ਸ਼ਹਾਦਤ ਦਾ ਜਜ਼ਬਾ ਹੈ। ਉਹ ਕ੍ਰਾਂਤੀ ਦਾ ਬੇਹੱਦ ਇੱਛੁਕ ਹੈ। ਉਹ ਦੇਸ਼ ਦੀ ਰਾਜਨੀਤਿਕ ਤੇ ਸਮਾਜਿਕ ਵਿਵਸਥਾ ਦੇ ਆਮਾਨਵੀ ਸਰੂਪ ਦਾ ਵਿਰੋਧ ਕਰਦਾ ਹੈ।

ਪਾਸ਼ ਦੇ ਪਹਿਲੇ ਕਾਵਿ-ਸੰਗ੍ਰਹਿ ਨਾਲ ਹੀ ਆਧੁਨਿਕ ਪੰਜਾਬੀ ਕਵਿਤਾ ਵਿਚ ਇਕ ਨਵੀਂ ਕਿਸਮ ਦੀ ਕਵਿਤਾ ਦਾ ਆਗਾਜ਼ ਹੁੰਦਾ ਹੈ ਜੋ ਪੁਰਾਣੇ ਸਾਹਿਤਕ ਖਾਸਕਰ ਬੁਰਜੂਆ ਸੁਹਜਮਈ ਮਾਪਦੰਡਾਂ ਦਾ ਵਿਸਫੋਟ ਕਰਦੀ ਹੈ। ਪਾਸ਼ ਦੀ ਇਹ ਪਹਿਲੇ ਦੌਰ ਦੀ ਕਵਿਤਾ ਆਮ ਲੋਕਾਂ ਨੂੰ ਅਪੀਲ ਕਰਨ ਦਾ, ਉਨ੍ਹਾਂ ਦੇ ਹਿਰਦਿਆਂ ਨੂੰ ਹੰਗਾਲਣ ਦਾ, ਸੁੱਤੀ ਜ਼ਮੀਰ ਨੂੰ ਝੰਜੋੜਨ ਦਾ ਦਮ ਰੱਖਦੀ ਹੈ।

ਪਾਸ਼ ਦਾ ਦੂਜਾ ਕਾਵਿ-ਸੰਗ੍ਰਹਿ ‘ਉੱਡਦੇ ਬਾਜਾਂ ਮਗਰ’ 1974 ਵਿਚ ਛਪਦਾ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਵਧੇਰੇ ਵਿਚਾਰਧਾਰਕ ਡੂੰਘਾਈ ਆ ਜਾਂਦੀ ਹੈ। ਭਾਵੇਂ ਉਸ ਦੀ ਕਵਿਤਾ ਦੀ ਪਹਿਲਾਂ ਵਾਲੀ ਵਿਦਰੋਹੀ ਸੁਰ ਵੀ ਕਾਇਮ ਰਹਿੰਦੀ ਹੈ। ਇਸ ਕਾਵਿ-ਸੰਗ੍ਰਹਿ ਦੀ ਕਵਿਤਾ ਵਿਚ ਉਹ ਮਾਨਵੀ ਨੈਤਿਕਤਾ ਭਰੀ ਹੋਈ ਹੈ, ਜੋ ਸਮੁੱਚੀ ਮਾਨਵਤਾ ਨੂੰ ਬਰਾਬਰੀ ਦਾ ਦਰਜਾ ਦਿਵਾਉਣਾ ਚਾਹੁੰਦੀ ਹੈ।

ਸਤੰਬਰ 1978 ਵਿਚ ਪਾਸ਼ ਦਾ ਤੀਜਾ ਤੇ ਆਖਰੀ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿਚ’ ਛਪਦਾ ਹੈ। ਨਕਸਲਬਾੜੀ ਲਹਿਰ ਦੇ ਮੱਠੇ ਪੈ ਜਾਣ ਨਾਲ ਇਹ ਕਵਿਤਾ ਪਹਿਲੀਆਂ ਕਵਿਤਾਵਾਂ ਦੇ ਮੁਕਾਬਲੇ ਬਾਹਰਮੁਖੀ ਯਥਾਰਥ ਦਾ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਅੰਤਰ-ਮੁਖੀ ਯਥਾਰਥ ਦੇ ਪਾਸਾਰਾਂ ਵੱਲ ਵੀ ਪਰਤਦੀ ਹੈ।

ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਪਾਸ਼ ਦੀ ਕਵਿਤਾ ਵਿਚਾਰਧਾਰਕ ਤੌਰ ‘ਤੇ ਮਾਰਕਸਵਾਦ ਤੋਂ ਪ੍ਰੇਰਿਤ ਅਤੇ ਤਤਕਾਲੀ ਤੌਰ ‘ਤੇ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਸੀ ਪਰ ਉਹਦੇ ਅੰਦਰ ਇਸ ਵਿਚਾਰਧਾਰਾ ਅਤੇ ਲਹਿਰ ਦਾ ਵਿਥ ‘ਤੇ ਖਲੋ ਕੇ ਵਿਸ਼ਲੇਸ਼ਣ ਕਰਨ ਦੀ ਹਿੰਮਤ ਸੀ। ਜਿਥੇ ਉਹ ਸਾਹਿਤਕ ਤੌਰ ‘ਤੇ ਪਾਬਲੋ ਨੈਰੂਦਾ ਜਿਹੇ ਵਿਸ਼ਵ ਪ੍ਰਸਿੱਧ ਕਵੀ ਤੋਂ ਪ੍ਰਭਾਵਿਤ ਸੀ, ਉਥੇ ਉਸ ਨੇ ਆਪਣੇ ਸਮਕਾਲੀ ਪੰਜਾਬੀ ਕਵੀਆਂ ਨਾਲ ਵੀ ਸੰਵਾਦ ਰਚਾਇਆ। ਪਰ 23 ਮਾਰਚ 1988 ਨੂੰ ਪਾਸ਼ ਆਪਣੇ ਮਿੱਤਰ ਹੰਸ ਰਾਜ ਸਮੇਤ ਵਿਚਾਰਧਾਰਕ ਵਿਰੋਧੀਆਂ ਵੱਲੋਂ ਬਿਨਾਂ ਕਿਸੇ ਸੰਵਾਦ ਦੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਪਾਸ਼-ਕਾਵਿ ਲੋਟੂ ਰਾਜ ਸੱਤਾ ਵਿਰੁੱਧ ਉਠਦੀ ਹਰ ਸੰਘਰਸ਼ਸ਼ੀਲ ਆਵਾਜ਼ ਦਾ ਹਾਮੀ ਹੈ। ਇਸ ਲਈ ਪਾਸ਼-ਕਾਵਿ ਦੀ ਅਹਿਮੀਅਤ/ਸਾਰਥਿਕਤਾ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਪਾਸ਼ ਦਾ ਸਮਾਜਿਕ ਬਰਾਬਰੀ ਦਾ ਸੁਪਨਾ ਪੂਰਾ ਨਹੀਂ ਹੋ ਜਾਂਦਾ, ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਹੀਂ ਰੁਕਦੀ।

-ਪਰਮਜੀਤ ਕੱਟੂ
-ਰਿਸਰਚ ਸਕਾਲਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋ. 9463124131
pkattu@yahoo.in

 

One Response to “ਪਾਸ਼ ਦਾ ਸੁਪਨਾ ( ਪਰਮਜੀਤ ਕੱਟੂ)”

  1. Sohan Sandhu Says:

    It is amazingly a well reaserched and readable article

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: